ਆਰ ਐੱਸ ਐੱਸ ਨੂੰ ਨੱਥ ਪਾਉਣ ਦੀ ਤਿਆਰੀ
ਕਰਨਾਟਕ ਕੈਬਨਿਟ ਨੇ ਅੱਜ ਰਾਸ਼ਟਰੀ ਸਵੈਮ ਸੇਵਕ ਸੰਘ ਦੀਆਂ ਸੜਕਾਂ ’ਤੇ ਮਾਰਚ ਕੱਢਣ ਜਾਂ ਸਰਕਾਰੀ ਥਾਵਾਂ ’ਤੇ ਸਮਾਗਮ ਕਰਨ ਜਿਹੀਆਂ ਸਰਗਰਮੀਆਂ ’ਤੇ ਰੋਕ ਲਾਉਣ ਲਈ ਨੇਮ ਲਿਆਉਣ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਕਰਨਾਟਕ ਦੇ ਸੂਚਨਾ ਤਕਨੀਕੀ ਅਤੇ ਬਾਇਓ-ਤਕਨੀਕੀ ਮੰਤਰੀ ਪ੍ਰਿਆਂਕ ਖੜਗੇ ਵੱਲੋਂ ਮੁੱਖ ਮੰਤਰੀ ਸਿੱਧਰਮਈਆ ਨੂੰ ਲਿਖੇ ਉਸ ਪੱਤਰ ’ਤੇ ਆਧਾਰਿਤ ਹੈ, ਜਿਸ ਵਿੱਚ ਉਨ੍ਹਾਂ ਨੇ ਆਰ ਐੱਸ ਐੱਸ ਅਤੇ ਇਸ ਨਾਲ ਜੁੜੇ ਸੰਗਠਨਾਂ ਦੀਆਂ ਸਰਗਰਮੀਆਂ ’ਤੇ ਪਾਬੰਦੀ ਦੀ ਮੰਗ ਕੀਤੀ ਸੀ। ਕੈਬਨਿਟ ਮੀਟਿੰਗ ਮਗਰੋਂ ਮੰਤਰੀ ਪ੍ਰਿਆਂਕ ਖੜਗੇ ਨੇ ਦੱਸਿਆ, ‘‘ਜਿਹੜੇ ਨਿਯਮ ਅਸੀਂ ਲਿਆਉਣਾ ਚਾਹੁੰਦੇ ਹਾਂ, ਉਹ ਜਨਤਕ ਥਾਵਾਂ, ਸਰਕਾਰੀ ਸਕੂਲਾਂ, ਕਾਲਜਾਂ, ਸਰਕਾਰੀ ਕੈਂਪਸਾਂ, ਸਰਕਾਰ ਅਧੀਨ ਸੰਸਥਾਵਾਂ ਤੇ ਸਹਾਇਤਾ ਪ੍ਰਾਪਤ ਸੰਸਥਾਵਾਂ ਨਾਲ ਸਬੰਧਿਤ ਹਨ। ਨਵਾਂ ਨਿਯਮ ਬਣਾਉਣ ਲਈ ਅਸੀਂ ਗ੍ਰਹਿ ਵਿਭਾਗ, ਕਾਨੂੰਨ ਵਿਭਾਗ ਤੇ ਸਿੱਖਿਆ ਵਿਭਾਗ ਵੱਲੋਂ ਪਹਿਲਾਂ ਜਾਰੀ ਹੁਕਮਾਂ ਨੂੰ ਇਕੱਠਾ ਕਰਾਂਗੇ। ਅਗਲੇ ਦੋ ਤੋਂ ਤਿੰਨ ਦਿਨਾਂ ਵਿੱਚ, ਇਹ ਨਵਾਂ ਨਿਯਮ ਕਾਨੂੰਨ ਤੇ ਸੰਵਿਧਾਨ ਦੇ ਦਾਇਰੇ ’ਚ ਲਾਗੂ ਹੋ ਜਾਵੇਗਾ।’’ ਉਨ੍ਹਾਂ ਕਿਹਾ, ‘‘ਹੁਣ ਕੋਈ ਜਥੇਬੰਦੀ ਜਨਤਕ ਥਾਵਾਂ ਜਾਂ ਸੜਕਾਂ ’ਤੇ ਆਪਣੀ ਮਰਜ਼ੀ ਨਹੀਂ ਚਲਾ ਸਕੇਗੀ। ਜੇ ਕੋਈ ਪ੍ਰੋਗਰਾਮ ਕਰਨਾ ਹੈ ਤਾਂ ਉਸ ਲਈ ਸਰਕਾਰ ਦੀ ਆਗਿਆ ਲੈਣੀ ਪਵੇਗੀ।’’