ਵਿਦਿਆਰਥੀ ਖ਼ੁਦਕੁਸ਼ੀਆਂ ਰੋਕਣ ਲਈ ਪੋਰਟਲ ਲਾਂਚ
ਸੁਪਰੀਮ ਕੋਰਟ ਵੱਲੋਂ ਬਣਾਈ ‘ਕੌਮੀ ਟਾਸਕ ਫੋਰਸ (ਐੱਨਟੀਐੱਫ) ਆਨ ਮੈਂਟਲ ਹੈਲਥ ਕੰਸਰਨਜ਼ ਆਫ ਸਟੂਡੈਂਟਸ ਐਂਡ ਦਿ ਪ੍ਰੀਵੈਂਸ਼ਨ ਆਫ ਸੁਸਾਈਡਜ਼ ਇਨ ਹਾਇਰ ਐਜੂਕੇਸ਼ਨਲ ਇੰਸਟੀਚਿਊਸ਼ਨਜ਼’ ਨੇ ਵੱਖ-ਵੱਖ ਭਾਈਵਾਲਾਂ ਤੋਂ ਸੁਝਾਅ ਲੈਣ ਲਈ ਆਪਣਾ ਪੋਰਟਲ ਲਾਂਚ ਕੀਤਾ ਹੈ। ਇਹ ਟਾਸਕ ਫੋਰਸ ਦੇਸ਼ ਭਰ ਦੀਆਂ ਉਚੇਰੀ ਸਿੱਖਿਆ ਸੰਸਥਾਵਾਂ ਦਾ ਦੌਰਾ ਕਰ ਰਹੀ ਹੈ ਤਾਂ ਜੋ ਵੱਖ-ਵੱਖ ਵਿਚਾਰ ਅਤੇ ਸੁਝਾਅ ਇਕੱਠੇ ਕੀਤੇ ਜਾ ਸਕਣ। ਇਨ੍ਹਾਂ ਦੌਰਿਆਂ ਦੌਰਾਨ ਐੱਨਟੀਐੱਫ ਦੇ ਮੈਂਬਰਾਂ ਵੱਲੋਂ ਵਿਦਿਆਰਥੀਆਂ, ਫੈਕਲਟੀ ਮੈਂਬਰਾਂ, ਪ੍ਰਸ਼ਾਸਕਾਂ ਅਤੇ ਸ਼ਿਕਾਇਤ ਨਿਵਾਰਨ ਲਈ ਬਣਾਈਆਂ ਗਈਆਂ ਕਮੇਟੀਆਂ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਜਾਵੇਗੀ।
ਇਸ ਸਾਲ 24 ਮਾਰਚ ਨੂੰ ਆਪਣੇ ਫ਼ੈਸਲੇ ਵਿੱਚ ਸੁਪਰੀਮ ਕੋਰਟ ਨੇ ਯੂਨੀਵਰਸਿਟੀਆਂ ਅਤੇ ਪੇਸ਼ੇਵਰ ਕਾਲਜਾਂ ਜਿਨ੍ਹਾਂ ਵਿੱਚ ਕੌਮੀ ਮਹੱਤਵ ਵਾਲੀਆਂ ਸੰਸਥਾਵਾਂ ਵੀ ਸ਼ਾਮਲ ਹਨ, ਵਿੱਚ ਵਿਦਿਆਰਥੀਆਂ ਦੀਆਂ ਖ਼ੁਦਕੁਸ਼ੀਆਂ ਦੀ ਵਧ ਰਹੀ ਗਿਣਤੀ ’ਤੇ ਚਿੰਤਾ ਜ਼ਾਹਿਰ ਕੀਤਾ ਸੀ। ਅਦਾਲਤ ਨੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ (ਸੇਵਾਮੁਕਤ) ਐੱਸ. ਰਵਿੰਦਰ ਭੱਟ ਦੀ ਅਗਵਾਈ ਹੇਠ ਇੱਕ ਕੌਮੀ ਟਾਸਕ ਫੋਰਸ ਦਾ ਗਠਨ ਕੀਤਾ ਸੀ। ਟਾਸਕ ਫੋਰਸ ਦੀ ਅੰਤਰਿਮ ਰਿਪੋਰਟ ਸਤੰਬਰ ਵਿੱਚ ਅਦਾਲਤ ਨੂੰ ਸੌਂਪੀ ਜਾਵੇਗੀ।
ਟਾਸਕ ਫੋਰਸ ਦਾ ਮੁੱਖ ਕੰਮ ਵਿਆਪਕ ਰਿਪੋਰਟ ਤਿਆਰ ਕਰਨਾ ਹੈ, ਜਿਸ ਵਿੱਚ ਵਿਦਿਆਰਥੀਆਂ ਦੀਆਂ ਖ਼ੁਦਕੁਸ਼ੀਆਂ ਦੇ ਪ੍ਰਮੁੱਖ ਕਾਰਨਾਂ ਦੀ ਪਛਾਣ ਕੀਤੀ ਜਾਵੇਗੀ। ਇਹ ਕਾਰਨ ਸਿਰਫ਼ ਰੈਗਿੰਗ, ਭੇਦਭਾਵ, ਅਕਾਦਮਿਕ ਦਬਾਅ, ਆਰਥਿਕ ਬੋਝ ਅਤੇ ਮਾਨਸਿਕ ਸਿਹਤ ਨਾਲ ਸਬੰਧਤ ਦੋਸ਼ਾਂ ਤੱਕ ਸੀਮਿਤ ਨਹੀਂ ਹੋਣਗੇ। ਇਹ ਵਿਦਿਆਰਥੀਆਂ ਦੀ ਭਲਾਈ ਨੂੰ ਪ੍ਰਭਾਵਿਤ ਕਰਨ ਵਾਲੀਆਂ ਸੰਸਥਾਗਤ ਅਤੇ ਪ੍ਰਣਾਲੀਗਤ ਖਾਮੀਆਂ ਦਾ ਵਿਸ਼ਲੇਸ਼ਣ ਵੀ ਕਰੇਗੀ। ਭੱਟ ਨੇ ਕਿਹਾ, “ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇਗਾ।’’
ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰੇਗੀ ਟਾਸਕ ਫੋਰਸ: ਜੋੋਸ਼ੀ
ਉਚੇਰੀ ਸਿੱਖਿਆ ਵਿਭਾਗ ਦੇ ਸਕੱਤਰ ਅਤੇ ਟਾਸਕ ਫੋਰਸ ਦੇ ਮੈਂਬਰ ਸਕੱਤਰ ਡਾ. ਵਿਨੀਤ ਜੋਸ਼ੀ ਨੇ ਕਿਹਾ ਕਿ ਵਿਭਾਗ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਇੱਕ ਵੀ ਜਾਨ ਨਾ ਜਾਵੇ। ਜੋਸ਼ੀ ਨੇ ਕਿਹਾ, “ਹਰੇਕ ਸੰਸਥਾ ਦਾ ਆਪਣਾ ਸੰਦਰਭ ਹੈ, ਇਸ ਲਈ ਕਾਰਨਾਂ ਦੀ ਪਛਾਣ ਕਰਨਾ ਅਤੇ ਸਿਫ਼ਾਰਸ਼ਾਂ ਦਾ ਸੁਝਾਅ ਦੇਣਾ ਇੱਕ ਬਹੁਤ ਹੀ ਚੁਣੌਤੀਪੂਰਨ ਕੰਮ ਹੋਵੇਗਾ ਅਤੇ ਇਹ ਟਾਸਕ ਫੋਰਸ ਇਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਟਾਸਕ ਫੋਰਸ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰੇਗੀ ਅਤੇ ਇਸ ਬਾਰੇ ਚਰਚਾ ਕਰੇਗੀ ਕਿ ਇਸ ਨੂੰ ਅੱਗੇ ਕਿਵੇਂ ਵਧਾਇਆ ਜਾਵੇ ਅਤੇ ਸਾਡੇ ਕੋਲ ਪਹਿਲਾਂ ਤੋਂ ਮੌਜੂਦ ਵੱਖ-ਵੱਖ ਰਿਪੋਰਟਾਂ ਨੂੰ ਵੀ ਵਿਚਾਰਿਆ ਜਾਵੇਗਾ।’’ ਪਿਛਲੇ ਮਹੀਨੇ, ਸੁਪਰੀਮ ਕੋਰਟ ਨੇ ਸਕੂਲਾਂ, ਕਾਲਜਾਂ ਅਤੇ ਕੋਚਿੰਗ ਸੈਂਟਰਾਂ ਵਿੱਚ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਦੀ ਸੁਰੱਖਿਆ ਲਈ ਵਿਆਪਕ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ।