ਪ੍ਰਸਿੱਧ ਤਾਮਿਲ YouTuber ਫੈਲਿਕਸ ਗੇਰਾਲਡ ਅਫਵਾਹਾਂ ਫੈਲਾਉਣ ਦੇ ਦੋਸ਼ ਹੇਠ ਗ੍ਰਿਫਤਾਰ
ਪ੍ਰਸਿੱਧ ਤਾਮਿਲ ਯੂਟਿਊਬਰ ਫੈਲਿਕਸ ਗੇਰਾਲਡ ਨੂੰ ਮੰਗਲਵਾਰ ਨੂੰ ਕਰੂਰ ਵਿਜੇ ਰੈਲੀ ਭਗਦੜ ਦੀ ਘਟਨਾ ਬਾਰੇ ਅਫਵਾਹਾਂ ਫੈਲਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਇਸ ਘਟਨਾ ਵਿੱਚ 41 ਲੋਕਾਂ ਦੀ ਮੌਤ ਹੋ ਗਈ ਸੀ ਅਤੇ 50 ਤੋਂ ਵੱਧ ਜ਼ਖਮੀ ਹੋ ਗਏ ਸਨ। ਪੁਲੀਸ ਨੇ ਦੱਸਿਆ ਕਿ ਇਹ ਗ੍ਰਿਫਤਾਰੀ ਭਗਦੜ ਬਾਰੇ ਅਫਵਾਹਾਂ ਫੈਲਾਉਣ ਦੇ ਦੋਸ਼ ਵਿੱਚ 20 ਤੋਂ ਵੱਧ ਲੋਕਾਂ ’ਤੇ ਪੁਲੀਸ ਵੱਲੋਂ ਕੇਸ ਦਰਜ ਕਰਨ ਅਤੇ ਤਿੰਨ ਵਿਅਕਤੀਆਂ ਦੀ ਗ੍ਰਿਫਤਾਰੀ ਤੋਂ ਤੁਰੰਤ ਬਾਅਦ ਹੋਈ ਹੈ। ਗੇਰਾਲਡ ਵਰਤਮਾਨ ਵਿਸ਼ਿਆਂ ’ਤੇ ਤਾਮਿਲ ਵਿੱਚ ਸਮੱਗਰੀ ਪੇਸ਼ ਕਰਨ ਵਾਲਾ ਇੱਕ ਯੂਟਿਊਬ ਚੈਨਲ ਚਲਾਉਂਦਾ ਹੈ।
ਇਸ ਦੌਰਾਨ ਇੱਕ ਵਿਸ਼ੇਸ਼ ਪੁਲੀਸ ਟੀਮ ਨੇ ਤਾਮਿਲਗਾ ਵੇਟਰੀ ਕਜ਼ਾਗਮ (TVK) ਦੇ ਇੱਕ ਅਹੁਦੇਦਾਰ ਪੌਨਰਾਜ ਨੂੰ ਕਥਿਤ ਤੌਰ ’ਤੇ ਪਾਰਟੀ ਦਫ਼ਤਰ ਦੇ ਅਹੁਦੇਦਾਰ ਮਥੀਅਲਗਨ ਨੂੰ ਪਨਾਹ ਦੇਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ। ਮਥੀਅਲਗਨ ਭਗਦੜ ਦੀ ਘਟਨਾ ਦੀ ਐੱਫਆਈਆਰ ਵਿੱਚ ਨਾਮਜ਼ਦ ਕੀਤੇ ਗਏ ਤਿੰਨ TVK ਅਹੁਦੇਦਾਰਾਂ ਵਿੱਚੋਂ ਇੱਕ ਸੀ।
TVK ਦੇ ਸੂਬਾ ਜਨਰਲ ਸਕੱਤਰ ਬੁਸੀ ਆਨੰਦ ਅਤੇ ਪਾਰਟੀ ਦੇ ਉਪ ਜਨਰਲ ਸਕੱਤਰ ਨਿਰਮਲ ਕੁਮਾਰ ਐੱਫਆਈਆਰ ਵਿੱਚ ਨਾਮਜ਼ਦ ਕੀਤੇ ਗਏ ਦੋ ਹੋਰ ਪਾਰਟੀ ਅਹੁਦੇਦਾਰ ਹਨ। ਤਿੰਨ TVK ਅਹੁਦੇਦਾਰਾਂ 'ਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ’ਤੇ ਤਾਮਿਲਨਾਡੂ ਜਨਤਕ ਸੰਪਤੀ (ਨੁਕਸਾਨ ਅਤੇ ਘਾਟੇ ਦੀ ਰੋਕਥਾਮ) ਐਕਟ, 1992 ਦੀ ਧਾਰਾ 3 ਵੀ ਲਗਾਈ ਗਈ ਹੈ।
ਐੱਫਆਈਆਰ ਦੇ ਅਨੁਸਾਰ TVK ਮੁਖੀ ਵਿਜੇ 27 ਸਤੰਬਰ ਨੂੰ ਕਰੂਰ ਜ਼ਿਲ੍ਹੇ ਦੇ ਵੇਲੂਸਾਮੀਪੁਰਮ ਵਿਖੇ ਆਪਣੀ ਰੈਲੀ ਵਿੱਚ ਜਾਣਬੁੱਝ ਕੇ ਦੇਰ ਨਾਲ ਪਹੁੰਚੇ, ਜਿਸ ਨੇ ਲੋਕਾਂ ਵਿੱਚ ਬੇਚੈਨੀ ਪੈਦਾ ਕੀਤੀ।
ਕਰੂਰ ਪੱਛਮੀ ਜ਼ਿਲ੍ਹਾ ਸਕੱਤਰ ਵੀ.ਪੀ. ਮਥੀਅਲਗਨ ਵੀ ਗ੍ਰਿਫਤਾਰ
ਇਸ ਦੌਰਾਨ ਪੁਲੀਸ ਨੇ ਦੱਸਿਆ ਕਿ ਅਦਾਕਾਰ-ਸਿਆਸਤਦਾਨ ਵਿਜੇ ਦੀ ਅਗਵਾਈ ਵਾਲੀ ਤਾਮਿਲਗਾ ਵੇਟਰੀ ਕਜ਼ਾਗਮ ਦੇ ਕਰੂਰ ਪੱਛਮੀ ਜ਼ਿਲ੍ਹਾ ਸਕੱਤਰ ਨੂੰ ਪਾਰਟੀ ਪ੍ਰਧਾਨ ਦੀ ਰੈਲੀ ਵਿੱਚ ਹੋਈ ਭਗਣੜ ਦੇ ਸਬੰਧ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਸ ਉਪਰੰਤ ਉਸ ਨੂੰ ਅਦਾਲਤ ਵੱਲੋਂ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਕਰੂਰ ਪੱਛਮੀ ਜ਼ਿਲ੍ਹਾ ਸਕੱਤਰ ਵੀ.ਪੀ. ਮਥੀਅਲਗਨ ਉਹਨਾਂ ਤਿੰਨ TVK ਅਹੁਦੇਦਾਰਾਂ ਵਿੱਚੋਂ ਇੱਕ ਸੀ ।