ਪੋਪ ਫਰਾਂਸਿਸ ਨੇ ਆਰਾਮ ਨਾਲ ਰਾਤ ਕੱਟੀ: ਵੈਟੀਕਨ
Pope Francis ਪੋਪ ਫਰਾਂਸਿਸ ਨੇ ਫੇਫੜਿਆਂ ਦੀ ਗੁੰਝਲਦਾਰ ਸਮੱਸਿਆ ਤੇ ਖੂਨ ਚੜ੍ਹਾਉਣ ਤੋਂ ਬਾਅਦ ਬੀਤੀ ਰਾਤ ਆਰਾਮ ਨਾਲ ਕੱਟੀ। ਇਹ ਜਾਣਕਾਰੀ ਵੈਟੀਕਨ ਨੇ ਸਾਂਝੀ ਕੀਤੀ ਹੈ।
ਵੈਟੀਕਨ ਦੇ ਬੁਲਾਰੇ ਮੈਟਿਓ ਬਰੂਨੀ ਦੇ ਇਕ ਲਾਈਨ ਦੇ ਬਿਆਨ ਵਿਚ ਦੱਸਿਆ ਕਿ ਪੋਪ ਨੇ ਰਾਤ ਆਰਾਮ ਨਾਲ ਕੱਟੀ ਪਰ ਉਨ੍ਹਾਂ ਇਹ ਨਹੀਂ ਦੱਸਿਆ ਗਿਆ ਕਿ ਕੀ ਪੋਪ ਚਲ ਫਿਰ ਰਹੇ ਹਨ ਜਾਂ ਕੀ ਉਨ੍ਹਾਂ ਨੇ ਨਾਸ਼ਤਾ ਕੀਤਾ। ਇਸ ਤੋਂ ਪਹਿਲਾਂ ਡਾਕਟਰਾਂ ਨੇ ਕਿਹਾ ਸੀ ਕਿ 88 ਸਾਲਾ ਪੋਪ ਦੀ ਹਾਲਤ ਗੰਭੀਰ ਹੈ। ਜ਼ਿਕਰਯੋਗ ਹੈ ਕਿ ਪੋਪ ਫਰਾਂਸਿਸ (88) ਦੀ ਹਾਲਤ ਕੁਝ ਦਿਨ ਪਹਿਲਾਂ ਗੰਭੀਰ ਹੋ ਗਈ ਸੀ ਅਤੇ ਉਨ੍ਹਾਂ ਨੂੰ ਲੰਮੇ ਸਮੇਂ ਤੱਕ ਸਾਹ ਦੀ ਸਮੱਸਿਆ ਆਈ ਜਿਸ ਕਾਰਨ ਉਨ੍ਹਾਂ ਨੂੰ ਆਕਸੀਜਨ ਦੀ ਲੋੜ ਪਈ। ਵੈਟੀਕਨ ਨੇ ਸ਼ਨਿਚਰਵਾਰ ਦੇਰ ਰਾਤ ਇੱਕ ਅਪਡੇਟ ’ਚ ਕਿਹਾ ਸੀ ਕਿ ਫਰਾਂਸਿਸ ਫੇਫੜਿਆਂ ਦੀ ਲਾਗ ਕਾਰਨ ਹਸਪਤਾਲ ’ਚ ਦਾਖਲ ਹਨ ਅਤੇ ਜਾਂਚ ’ਚ ਪਤਾ ਲੱਗਾ ਹੈ ਕਿ ਉਹ ਅਨੀਮੀਆ ਦੀ ਸਥਿਤੀ ’ਚ ਹਨ, ਜਿਸ ਕਰਕੇ ਉਨ੍ਹਾਂ ਨੂੰ ਖੂਨ ਵੀ ਚੜ੍ਹਾਇਆ ਗਿਆ।
ਡਾਕਟਰਾਂ ਨੇ ਪਹਿਲਾਂ ਕਿਹਾ ਸੀ ਕਿ ਪੋਪ ਫਰਾਂਸਿਸ ਖ਼ਤਰੇ ਤੋਂ ਬਾਹਰ ਨਹੀਂ ਹਨ। ਡਾਕਟਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਸੈਪਸਿਸ (ਖੂਨ ਸਬੰਧੀ ਗੰਭੀਰ ਲਾਗ) ਮੁੱਖ ਖ਼ਤਰਾ ਹੈ ਅਤੇ ਉਨ੍ਹਾਂ ਦਾ ਨਮੂਨੀਆ ਵਿਗੜ ਸਕਦਾ ਹੈ।
ਇਸ ਤੋਂ ਪਹਿਲਾਂ ਪੋਪ ਫਰਾਂਸਿਸ ਨੂੰ ‘ਬ੍ਰੋਂਕਾਇਟਸ’ ਦੀ ਸਮੱਸਿਆ ਤੋਂ ਬਾਅਦ ਰੋਮ ਦੇ ਜੇਮੇਲੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। -ਏਪੀ