ਮਹਾਰਾਸ਼ਟਰ ’ਚ ਮੀਟ ’ਤੇ ਪਾਬੰਦੀ ਨੂੰ ਲੈ ਕੇ ਸਿਆਸਤ ਭਖੀ, ਐੱਨਸੀਪੀ ਨੇ ਨਿਗਮਾਂ ਦੇ ਫੈਸਲੇ ’ਤੇ ਸਵਾਲ ਉਠਾਇਆ
ਨਾਗਪੁਰ, ਨਾਸਿਕ, ਮਾਲੇਗਾਓਂ, ਛਤਰਪਤੀ ਸੰਭਾਜੀਨਗਰ ਅਤੇ ਕਲਿਆਣ-ਡੋਂਬੀਵਲੀ ਦੀਆਂ ਨਗਰ ਨਿਗਮਾਂ ਨੇ ਵੀ ਇਸੇ ਤਰ੍ਹਾਂ ਦੇ ਹੁਕਮ ਜਾਰੀ ਕੀਤੇ ਹਨ। ਭਾਜਪਾ ਨੇ ਬੁੱਧਵਾਰ ਨੂੰ ਕਿਹਾ ਕਿ ਆਜ਼ਾਦੀ ਦਿਵਸ ’ਤੇ ਬੁੱਚੜਖਾਨੇ ਬੰਦ ਰੱਖਣ ਦੀ ਨੀਤੀ ਪਹਿਲੀ ਵਾਰ 1988 ਵਿੱਚ ਲਾਗੂ ਕੀਤੀ ਗਈ ਸੀ ਜਦੋਂ ਐਨਸੀਪੀ (ਸਪਾ) ਦੇ ਪ੍ਰਧਾਨ ਸ਼ਰਦ ਪਵਾਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਸਨ।
ਭਾਜਪਾ ਨੇ ਸਵਾਲ ਕੀਤਾ ਕਿ ਕੀ ਵਿਰੋਧੀ ਧਿਰ ਇਸ ਬਾਰੇ ਬਜ਼ੁਰਗ ਸਿਆਸਤਦਾਨ ਨੂੰ ਸਵਾਲ ਕਰੇਗੀ। ਮਹਾਰਾਸ਼ਟਰ ਭਾਜਪਾ ਦੇ ਮੁੱਖ ਬੁਲਾਰੇ ਕੇਸ਼ਵ ਉਪਾਧਿਆਏ ਨੇ ਇਹ ਸਵਾਲ ਐਨਸੀਪੀ (ਸਪਾ) ਦੇ ਵਿਧਾਇਕ ਜਤਿੰਦਰ ਆਵਹਾਡ ਅਤੇ ਸ਼ਿਵ ਸੈਨਾ (ਯੂਬੀਟੀ) ਦੇ ਵਿਧਾਇਕ ਆਦਿੱਤਿਆ ਠਾਕਰੇ ਨੂੰ ਰਾਜ ਦੀਆਂ ਕੁਝ ਨਿਗਮਾਂ ਵੱੱਲੋਂ ਲਏ ਉਪਰੋਕਤ ਫੈਸਲੇ ’ਤੇ ਚੱਲ ਰਹੇ ਵਿਵਾਦ ਦੌਰਾਨ ਪੁੱਛਿਆ। ਉਪਾਧਿਆਏ ਨੇ ਕਿਹਾ ਕਿ 15 ਅਗਸਤ ਨੂੰ ਬੁੱਚੜਖਾਨੇ ਬੰਦ ਰੱਖਣ ਦੀ ਨੀਤੀ ਅਸਲ ਵਿੱਚ ਸ਼ੰਕਰਰਾਓ ਚਵਾਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਬਣਾਈ ਗਈ ਸੀ।
ਉਧਰ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਬੁੱਧਵਾਰ ਨੂੰ ਕਿਹਾ ਕਿ ਸੂਬਾ ਸਰਕਾਰ ਲੋਕਾਂ ਦੀਆਂ ਖਾਣ ਆਦਤਾਂ ਨੂੰ ਨਿਯਮਤ ਕਰਨ ਵਿੱਚ ਦਿਲਚਸਪੀ ਨਹੀਂ ਰੱਖਦੀ। ਉਨ੍ਹਾਂ ਆਜ਼ਾਦੀ ਦਿਵਸ ’ਤੇ ਬੁੱਚੜਖਾਨੇ ਬੰਦ ਕਰਨ ਦੇ ਵਿਵਾਦ ਨੂੰ ਬੇਲੋੜਾ ਦੱਸਿਆ।
ਛਤਰਪਤੀ ਸਾਂਬਾਜੀਨਗਰ ਨਗਰ ਨਿਗਮ ਨੇ ਤਿਉਹਾਰਾਂ ਦੇ ਮੱਦੇਨਜ਼ਰ ਸ਼ਹਿਰ ਦੀਆਂ ਸੀਮਾਵਾਂ ਅੰਦਰ ਮਾਸ ਵੇਚਣ ਵਾਲੇ ਬੁੱਚੜਖਾਨਿਆਂ ਤੇ ਦੁਕਾਨਾਂ ਨੂੰ ਦੋ ਦਿਨਾਂ 15 ਅਤੇ 20 ਅਗਸਤ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਪਾਬੰਦੀ ਦਾ ਇਹ ਹੁਕਮ 15 ਅਗਸਤ ਨੂੰ ਗੋਕੁਲ ਅਸ਼ਟਮੀ ਮੌਕੇ ਦਿੱਤਾ ਗਿਆ ਸੀ, ਜੋ ਕਿ ਇੱਕ ਹਿੰਦੂ ਤਿਉਹਾਰ ਹੈ ਜੋ ਭਗਵਾਨ ਕ੍ਰਿਸ਼ਨ ਦੇ ਜਨਮ ਨੂੰ ਮਨਾਉਂਦਾ ਹੈ, ਅਤੇ 20 ਅਗਸਤ ਜੈਨ ਭਾਈਚਾਰੇ ਦੇ ਇਕ ਤਿਓਹਾਰ 'ਪਰਯੂਸ਼ਨ ਪਰਵ' ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ, ਜਿਸ ਵਿੱਚ ਵਰਤ ਅਤੇ ਪ੍ਰਾਰਥਨਾਵਾਂ ਹੁੰਦੀਆਂ ਹਨ। ਇਹ ਹੁਕਮ ਠਾਣੇ ਜ਼ਿਲ੍ਹੇ ਵਿੱਚ ਕਲਿਆਣ-ਡੋਂਬੀਵਲੀ ਨਗਰ ਨਿਗਮ (ਕੇਡੀਐਮਸੀ) ਵੱਲੋਂ 15 ਅਗਸਤ ਨੂੰ ਮਾਸ ਦੀਆਂ ਦੁਕਾਨਾਂ ਬੰਦ ਕਰਨ ਦੇ ਨਿਰਦੇਸ਼ ਦੇਣ ਤੋਂ ਬਾਅਦ ਆਇਆ ਹੈ। ਉਧਰ ਕਾਂਗਰਸ ਨੇ ਦਾਅਵਾ ਕੀਤਾ ਕਿ ਮਹਾਰਾਸ਼ਟਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਗੰਭੀਰ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਸ਼ਹਿਰਾਂ ਵਿੱਚ ਕਬੂਤਰ ਖੁਆਉਣਾ ਅਤੇ ਆਜ਼ਾਦੀ ਦਿਵਸ ’ਤੇ ਮਾਸ ਦੀ ਵਿਕਰੀ ਵਰਗੇ ‘ਬੇਤੁਕੇ’ ਮੁੱਦਿਆਂ ’ਤੇ ਵਿਵਾਦ ਪੈਦਾ ਕਰ ਰਹੀ ਹੈ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਕੁਝ ਨਗਰ ਨਿਗਮਾਂ ਵੱਲੋਂ 15 ਅਗਸਤ ਨੂੰ ਬੁੱਚੜਖਾਨਿਆਂ ਅਤੇ ਮਾਸ ਵੇਚਣ ਵਾਲੀਆਂ ਦੁਕਾਨਾਂ ਨੂੰ ਬੰਦ ਕਰਨ ਦੇ ਹੁਕਮ ਦੇਣ ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਅਜਿਹੀ ਪਾਬੰਦੀ ਲਗਾਉਣਾ ਗਲਤ ਸੀ।