ਸਿਆਸੀ ਖਿੱਚੋਤਾਣ: ਪੁਲੀਸ ਨੇ ਸਵਾ ਸੌ ਭਾਜਪਾ ਆਗੂ ਹਿਰਾਸਤ ’ਚ ਲਏ
ਪੰਜਾਬ ਪੁਲੀਸ ਨੇ ਅੱਜ ਭਾਜਪਾ ਦੇ ਮੈਗਾ ਪ੍ਰੋਗਰਾਮ ‘ਭਾਜਪਾ ਦੇ ਸੇਵਾਦਾਰ, ਆ ਗਏ ਤੁਹਾਡੇ ਦੁਆਰ’ ਤਹਿਤ ਕਰੀਬ ਤਿੰਨ ਦਰਜਨ ਕੈਂਪਾਂ ’ਚ ਪੁੱਜੇ ਤਕਰੀਬਨ 125 ਭਾਜਪਾ ਆਗੂਆਂ ਅਤੇ ਵਰਕਰਾਂ ਨੂੰ ਹਿਰਾਸਤ ’ਚ ਲੈ ਲਿਆ। ਭਾਜਪਾ ਨੇ ਇਸ ਐਕਸ਼ਨ ਮਗਰੋਂ ‘ਆਪ’ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। ਭਾਜਪਾ ਪੰਜਾਬ ਦੇ ਵਫ਼ਦ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਭਾਜਪਾ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਖ਼ਿਲਾਫ਼ ਮੰਗ ਪੱਤਰ ਦਿੱਤਾ। ਪੰਜਾਬ ਭਾਜਪਾ ਨੇ ਸਮੁੱਚੇ ਸੂਬੇ ਵਿੱਚ 24 ਅਗਸਤ ਨੂੰ ਲੋਕ ਭਲਾਈ ਕੈਂਪ ਲਾਉਣ ਦਾ ਐਲਾਨ ਕਰ ਦਿੱਤਾ ਹੈ।
ਪੰਜਾਬ ਪੁਲੀਸ ਅੱਜ ਸਵੇਰ ਤੋਂ ਹੀ ਭਾਜਪਾ ਦੇ ਮੈਗਾ ਕੈਂਪਾਂ ਨੂੰ ਰੋਕਣ ਲਈ ਪੱਬਾਂ ਭਾਰ ਰਹੀ ਤੇ ਭਾਜਪਾ ਆਗੂਆਂ ਤੇ ਵਰਕਰਾਂ ਦੇ ਵੱਖ ਵੱਖ ਹਲਕਿਆਂ ’ਚ ‘ਆਪ’ ਸਰਕਾਰ ਖ਼ਿਲਾਫ਼ ਨਾਅਰੇ ਗੂੰਜਦੇ ਰਹੇ। ਦੂਜੇ ਪਾਸੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਇਨ੍ਹਾਂ ਮੈਗਾ ਕੈਂਪਾਂ ਨੂੰ ਰੋਕੇ ਜਾਣ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੰਗਾਰਿਆ ਕਿ ਭਾਜਪਾ 22 ਅਗਸਤ ਨੂੰ ਫ਼ਾਜ਼ਿਲਕਾ ਦੇ ਪਿੰਡ ਰਾਏਪੁਰਾ ਵਿੱਚ ਕੈਂਪ ਲਗਾਏਗੀ ਅਤੇ ਉਹ ਖ਼ੁਦ ਇਸ ਕੈਂਪ ਵਿੱਚ ਪੁੱਜਣਗੇ। ਜਾਖੜ ਨੇ ਅਸਿੱਧੇ ਤਰੀਕੇ ਨਾਲ ਇਹੋ ਕਿਹਾ ਹੈ ਕਿ ਪੰਜਾਬ ਸਰਕਾਰ ਹੁਣ ਕੈਂਪ ਨੂੰ ਰੋਕ ਕੇ ਦਿਖਾਵੇ। ਪਿੰਡ ਰਾਏਪੁਰਾ ’ਚ ਅੱਜ ਹੀ ਪੁਲੀਸ ਨੇ ਭਾਜਪਾ ਦਾ ਕੈਂਪ ਅਸਫਲ ਬਣਾਇਆ ਹੈ।
ਪ੍ਰਾਪਤ ਵੇਰਵਿਆਂ ਅਨੁਸਾਰ ਭਾਜਪਾ ਨੇ ਅੱਠ ਕੇਂਦਰੀ ਸਕੀਮਾਂ ਦੇ ਫਾਰਮ ਭਰਨ ਲਈ ਪਿੰਡਾਂ ਤੇ ਸ਼ਹਿਰਾਂ ’ਚ ਕੈਂਪ ਲਗਾਉਣੇ ਸ਼ੁਰੂ ਕੀਤੇ ਹੋਏ ਹਨ। ਕਰੀਬ ਡੇਢ ਮਹੀਨੇ ਤੋਂ ਇਹ ਕੈਂਪ ਪਹਿਲਾਂ ਹੀ ਵੱਖ ਵੱਖ ਹਲਕਿਆਂ ’ਚ ਲਗਾਤਾਰ ਲੱਗ ਰਹੇ ਹਨ ਪਰ ਅੱਜ ਅਚਾਨਕ ਹੀ ਪੰਜਾਬ ਪੁਲੀਸ ਦੇ ਐਕਸ਼ਨ ਨੇ ਭਾਜਪਾ ਨੂੰ ਹਰਕਤ ਵਿੱਚ ਕਰ ਦਿੱਤਾ ਹੈ। ‘ਆਪ’ ਨੇ ਇਨ੍ਹਾਂ ਕੈਂਪਾਂ ਨੂੰ ਗੈਰ-ਸੰਵਿਧਾਨਕ ਕਰਾਰ ਦਿੰਦਿਆਂ ਕਿਹਾ ਹੈ ਕਿ ਇਨ੍ਹਾਂ ਕੈਂਪਾਂ ਵਿੱਚ ਗੈਰ ਕਾਨੂੰਨੀ ਤੌਰ ’ਤੇ ਭਲਾਈ ਸਕੀਮਾਂ ਦਾ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ। ਪੰਜਾਬ ਪੁਲੀਸ ਨੇ ਇਸੇ ਤਰਕ ਦੇ ਆਧਾਰ ’ਤੇ ਭਾਜਪਾ ਦੇ ਕੈਂਪ ਅਸਫਲ ਬਣਾਏ ਹਨ। ਭਾਜਪਾ ਦੇ ਜਨਰਲ ਸਕੱਤਰ ਦਿਆਲ ਸੋਢੀ ਨੇ ਦੱਸਿਆ ਕਿ ਅੱਜ ਕਰੀਬ 39 ਥਾਵਾਂ ’ਤੇ ਕੈਂਪ ਲਗਾਏ ਜਾਣੇ ਸਨ ਪਰ ਪੰਜਾਬ ਸਰਕਾਰ ਨੂੰ ਗ਼ਰੀਬ ਲੋਕਾਂ ਦੀ ਭਲਾਈ ਕਰਨ ਦੀ ਮੁਹਿੰਮ ਹਜ਼ਮ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਸਮੁੱਚੇ ਸੂਬੇ ਵਿੱਚ 150 ਦੇ ਕਰੀਬ ਭਾਜਪਾ ਆਗੂ ਤੇ ਵਰਕਰ ਹਿਰਾਸਤ ਵਿੱਚ ਲਏ ਗਏ ਹਨ।
ਪੰਜਾਬ ਪੁਲੀਸ ਨੇ ਅੱਜ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਜਲੰਧਰ ਤੇ ਸਾਬਕਾ ਵਿਧਾਇਕ ਕੇਡੀ ਭੰਡਾਰੀ, ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ, ਪਟਿਆਲਾ ਤੋਂ ਪ੍ਰਨੀਤ ਕੌਰ, ਫ਼ਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ, ਜ਼ਿਲ੍ਹਾ ਮਾਨਸਾ ਦੇ ਸੀਨੀਅਰ ਆਗੂ ਭੋਲਾ ਸਿੰਘ ਸੂਬੇਦਾਰ ਅਤੇ ਗੋਮਾ ਰਾਮ, ਗਿੱਦੜਬਾਹਾ ਦੇ ਪਿੰਡ ਸੁਖਨਾ ਅਬਲੂ ’ਚੋਂ ਭਾਜਪਾ ਆਗੂ ਪ੍ਰਿਤਪਾਲ ਸ਼ਰਮਾ, ਬਰਨਾਲਾ ’ਚ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ, ਗੁਰਦਾਸਪੁਰ ’ਚ ਰਵੀ ਕਰਨ ਕਾਹਲੋਂ, ਬਘੇਲ ਸਿੰਘ ਬਾਹੀਆ, ਸੀਮਾ ਤੇ ਐੱਸਆਰ ਲੱਧੜ, ਦੀਨਾਨਗਰ ’ਚ ਰੇਨੂੰ ਕਸ਼ਿਅਪ, ਲੁਧਿਆਣਾ ਦਿਹਾਤੀ ’ਚ ਸਨੀ ਕੈਂਥ ਤੇ ਜੀਵਨ ਗੁਪਤਾ, ਮੋਗਾ ਤੋਂ ਹਰਜੋਤ ਕਮਲ, ਮੁਹਾਲੀ ਜ਼ਿਲ੍ਹੇ ’ਚੋਂ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਆਦਿ ਨੂੰ ਹਿਰਾਸਤ ’ਚ ਲਿਆ।
ਭਾਜਪਾ ਦੇ ਮੀਤ ਪ੍ਰਧਾਨ ਜਗਦੀਪ ਸਿੰਘ ਨਕਈ ਦਾ ਕਹਿਣਾ ਸੀ ਕਿ ਜ਼ਿਲ੍ਹਾ ਮਾਨਸਾ ’ਚ ਅੱਜ ਦਰਜਨ ਆਗੂ ਗ੍ਰਿਫ਼ਤਾਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਕੇਂਦਰੀ ਸਕੀਮਾਂ ਨੂੰ ਗ਼ਰੀਬ ਘਰਾਂ ਤੱਕ ਪੁੱਜਦਾ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਮਾਨਤਾ ਪ੍ਰਾਪਤ ਕਾਮਨ ਸਰਵਿਸ ਸੈਂਟਰਾਂ ਦੇ ਮੁਲਾਜ਼ਮਾਂ ਦੀਆਂ ਸੇਵਾਵਾਂ ਲਈਆਂ ਗਈਆਂ ਹਨ ਜੋ ਭਲਾਈ ਸਕੀਮਾਂ ਦੇ ਫਾਰਮ ਭਰਦੇ ਹਨ। ਭਾਜਪਾ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਕਹਿਣਾ ਸੀ ਕਿ ਉਹ ਤਾਂ ਬਰਨਾਲਾ ਜ਼ਿਲ੍ਹੇ ’ਚ ਪਹਿਲਾਂ ਹੀ ਕਈ ਹਫ਼ਤਿਆਂ ਤੋਂ ਲੋਕ ਭਲਾਈ ਕੈਂਪ ਲਗਾ ਰਹੇ ਹਨ ਜਿਨ੍ਹਾਂ ਦਾ ਗ਼ਰੀਬ ਲੋਕਾਂ ਨੂੰ ਫ਼ਾਇਦਾ ਵੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਅਸਲ ’ਚ ਕੈਂਪ ਰੋਕ ਕੇ ਗ਼ਰੀਬ ਲੋਕਾਂ ਨੂੰ ਭਲਾਈ ਸਕੀਮਾਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਹੈ।
ਜ਼ਿਲ੍ਹਾ ਜਲੰਧਰ ਦੇ ਪਿੰਡ ਰੂਪੇਵਾਲ ’ਚ ਪੁੱਜੇ ਭਾਜਪਾ ਆਗੂ ਕੇਡੀ ਭੰਡਾਰੀ ਅਤੇ ਰਾਣਾ ਹਰਦੀਪ ਸਿੰਘ ਨੂੰ ਪੁਲੀਸ ਨੇ ਹਿਰਾਸਤ ਵਿੱਚ ਲਿਆ। ਇਸ ਮੌਕੇ ਪੁਲੀਸ ਅਤੇ ਭਾਜਪਾ ਵਰਕਰਾਂ ’ਚ ਧੱਕਾਮੁੱਕੀ ਵੀ ਹੋਈ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਹੋਈ। ਕਈ ਥਾਵਾਂ ’ਤੇ ਕੈਂਪ ਬੰਦ ਕਰਾਉਣ ਮੌਕੇ ਖਿੱਚੋਤਾਣ ਦਾ ਮਾਹੌਲ ਵੀ ਬਣਿਆ ਰਿਹਾ। ਭਾਜਪਾ ਆਗੂਆਂ ਨੇ ਲੁਧਿਆਣਾ ਦੇ ਦੁੱਗਰੀ ਥਾਣੇ ਅੱਗੇ ਧਰਨਾ ਵੀ ਲਾਇਆ। ਬਠਿੰਡਾ ਦੇ ਪਿੰਡ ਮੁਲਤਾਨੀਆ ’ਚ ਭਾਜਪਾ ਦੇ ਤਿੰਨ ਸਰਕਲ ਪ੍ਰਧਾਨ ਹਿਰਾਸਤ ਵਿੱਚ ਲਏ ਗਏ ਹਨ। ਪੰਜਾਬ ਪੁਲੀਸ ਨੇ ਬਹੁਤੇ ਆਗੂਆਂ ਨੂੰ ਸ਼ਾਮ ਵਕਤ ਰਿਹਾਅ ਕਰ ਦਿੱਤਾ। ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ’ਚ ਅੱਜ ਭਾਜਪਾ ਦੇ ਵਫ਼ਦ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਕੇ ਭਾਜਪਾ ਆਗੂਆਂ ਦੀ ਗ੍ਰਿਫ਼ਤਾਰੀ ਖ਼ਿਲਾਫ਼ ਆਵਾਜ਼ ਉਠਾਈ। ਇਸ ਮੌਕੇ ਵਫ਼ਦ ਵਿੱਚ ਪਾਰਟੀ ਦੇ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ, ਰਾਣਾ ਗੁਰਮੀਤ ਸਿੰਘ ਸੋਢੀ, ਵਿਨੀਤ ਜੋਸ਼ੀ ਆਦਿ ਸ਼ਾਮਲ ਸਨ।
ਦੂਜੇ ਤਰਫ਼ ‘ਆਪ’ ਦੇ ਸੀਨੀਅਰ ਆਗੂ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਸੂਬਾਈ ਸਰਕਾਰਾਂ ਰਾਹੀਂ ਲਾਗੂ ਹੁੰਦੀਆਂ ਹਨ, ਨਾ ਕਿ ਕਿਸੇ ਪਾਰਟੀ ਦੁਆਰਾ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਸੂਬਾ ਸਰਕਾਰ ਦੇ ਅਖ਼ਤਿਆਰ ਹੱਥ ’ਚ ਲੈਣ ਦਾ ਕੋਈ ਅਧਿਕਾਰ ਨਹੀਂ।
ਪੁਲੀਸ ਜ਼ਿਆਦਤੀ ਅੱਗੇ ਝੁਕਾਂਗੇ ਨਹੀਂ : ਅਸ਼ਵਨੀ ਸ਼ਰਮਾ
ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਕਿਹਾ ਕਿ ‘ਆਪ’ ਸਰਕਾਰ ਭਾਜਪਾ ਵੱਲੋਂ ਲੋਕਾਂ ਦੀ ਭਲਾਈ ਲਈ ਲਗਾਏ ਜਾਣ ਵਾਲੇ ਕੈਂਪਾਂ ਨੂੰ ਰੋਕ ਨਹੀਂ ਸਕਦੀ ਅਤੇ ਨਾ ਹੀ ਭਾਜਪਾ ਆਗੂਆਂ ਦੇ ਹੌਸਲੇ ਪੰਜਾਬ ਪੁਲੀਸ ਤੋੜ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਗ੍ਰਿਫ਼ਤਾਰੀਆਂ ਨਾਲ ਝੁਕੇਗੀ ਨਹੀਂ ਬਲਕਿ 24 ਅਗਸਤ ਨੂੰ ਸਮੁੱਚੇ ਪੰਜਾਬ ’ਚ ਲੋਕ ਭਲਾਈ ਕੈਂਪ ਲਗਾਏਗੀ। ਪੁਲੀਸ ਅੱਜ ਅੱਠ ਕੈਂਪਾਂ ’ਚੋ ਲੈਪਟਾਪ ਆਦਿ ਉਠਾ ਕੇ ਲੈ ਗਈ ਹੈ। ਉਨ੍ਹਾਂ ਕਿਹਾ ਕਿ ਮਨੀਸ਼ ਸਿਸੋਦੀਆਂ ਦੀ ‘ਸਾਮ, ਦਾਮ, ਦੰਡ, ਭੇਦ’ ਵਾਲੀ ਨੀਤੀ ਨੂੰ ਹੀ ‘ਆਪ’ ਸਰਕਾਰ ਹੁਣ ਲਾਗੂ ਕਰ ਰਹੀ ਹੈ।