ਪੁਲੀਸ ਨੇ ਜ਼ੂਬਿਨ ਮਾਮਲੇ ਸਬੰਧੀ ਸਿਵਲ ਸੁਸਾਇਟੀ ਦੇ ਮੈਂਬਰ ਸੱਦੇ
ਅਸਾਮ ਪੁਲੀਸ ਨੇ ਗਾਇਕ ਜ਼ੂਬਿਨ ਗਰਗ ਦੀ ਮੌਤ ਦੇ ਮਾਮਲੇ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਸਿਵਲ ਸੁਸਾਇਟੀ ਦੇ ਕੁਝ ਮੈਂਬਰਾਂ ਨੂੰ ਸੱਦਾ ਦਿੱਤਾ ਹੈ। ਇਸ ਦੌਰਾਨ ਪੋਸਟਮਾਰਟਮ ਰਿਪੋਰਟ ’ਤੇ ਵੀ ਗੱਲਬਾਤ ਕੀਤੀ ਜਾਵੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀ ਆਈ ਡੀ ਦੇ ਵਿਸ਼ੇਸ਼ ਡੀ ਜੀ ਪੀ ਮੁੰਨਾ ਪ੍ਰਸਾਦ ਗੁਪਤਾ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ‘ਜਨਤਕ ਨਹੀਂ ਕੀਤੀ ਜਾਵੇਗੀ’, ਪਰ ਅਪਡੇਟ ਜ਼ਰੂਰ ਸਾਂਝਾ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘‘ਅਸੀਂ ਅੰਤਿਮ ਪੋਸਟਮਾਰਟਮ ਰਿਪੋਰਟ ਨੂੰ ਜਨਤਕ ਨਹੀਂ ਕਰ ਰਹੇ। ਇਹ ਜਨਤਕ ਦਸਤਾਵੇਜ਼ ਨਹੀਂ ਹੈ। ਅਸੀਂ ਭਲਕੇ ਸ਼ਾਮ 4 ਵਜੇ ਸਿਵਲ ਸੁਸਾਇਟੀ ਦੇ ਕੁਝ ਉੱਘੇ ਮੈਂਬਰਾਂ ਨੂੰ ਸੱਦਾ ਦਿੱਤਾ ਹੈ। ਅਸੀਂ ਉਨ੍ਹਾਂ ਨੂੰ ਸਿਰਫ਼ ਉਹੀ ਅਪਡੇਟ ਦੇਵਾਂਗੇ ਜੋ ਅਸੀਂ ਤੁਹਾਨੂੰ ਹੁਣ ਦੇ ਰਹੇ ਹਾਂ। ਰਿਪੋਰਟ ਜਨਤਕ ਕਰਨ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ।’’
ਉਨ੍ਹਾਂ ਨਾ ਤਾਂ ਇਹ ਸਪੱਸ਼ਟ ਕੀਤਾ ਕਿ ਉਹ ਕੀ ਅਪਡੇਟ ਸਾਂਝਾ ਕਰਨਗੇ ਅਤੇ ਨਾ ਹੀ ਉਨ੍ਹਾਂ ਉੱਘੀਆਂ ਸ਼ਖ਼ਸੀਅਤਾਂ ਦੇ ਨਾਵਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਨੂੰ ਪੁਲੀਸ ਨੇ ਬੁਲਾਇਆ ਹੈ। ਉਂਝ ਜ਼ੋਰ ਦੇ ਕੇ ਕਿਹਾ ਕਿ ਵਿਸਰਾ ਜਾਂਚ ਸਮੇਤ ਅੰਤਿਮ ਪੋਸਟਮਾਰਟਮ ਰਿਪੋਰਟ ਸਮਾਂ ਆਉਣ ’ਤੇ ਅਦਾਲਤ ਵਿੱਚ ਪੇਸ਼ ਕੀਤੀ ਜਾਵੇਗੀ। ਗੁਪਤਾ ਨੇ ਕਿਹਾ, ‘‘ਮਾਹਿਰਾਂ ਦੀ ਕਮੇਟੀ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਸਾਨੂੰ ਜੀ ਐੱਮ ਸੀ ਐੱਚ ਤੋਂ ਵਿਸਰਾ ਅਤੇ ਅੰਤਿਮ ਪੋਸਟਮਾਰਟਮ ਰਿਪੋਰਟ ਮਿਲ ਗਈ ਹੈ। ਹੁਣ ਅਸੀਂ ਕਾਨੂੰਨ ਅਨੁਸਾਰ ਜਾਂਚ ਪੂਰੀ ਕਰਾਂਗੇ।’’ ਅਧਿਕਾਰੀਆਂ ਨੇ ਬਹੁਤੇ ਵੇਰਵੇ ਤਾਂ ਨਹੀਂ ਦਿੱਤੇ ਪਰ ਉਨ੍ਹਾਂ ਦੱਸਿਆ ਕਿ ਸੱਦੀਆਂ ਸ਼ਖਸੀਅਤਾਂ ’ਚੋਂ ਜ਼ਿਆਦਾਤਰ ਟੀ ਵੀ ਨਿਊਜ਼ ਚੈਨਲਾਂ ਅਤੇ ਅਖ਼ਬਾਰਾਂ ਦੇ ਸੰਪਾਦਕ ਹਨ। ਪੀੜਤ ਪਰਿਵਾਰ ਦੇ ਇੱਕ ਜਾਂ ਦੋ ਮੈਂਬਰਾਂ ਨੂੰ ਵੀ ਬੁਲਾਇਆ ਗਿਆ ਹੈ।