Police lodges case over open namaz; ਉੱਤਰ ਪ੍ਰਦੇਸ਼: ਯੂਨੀਵਰਸਿਟੀ ’ਚ ਬਿਨਾਂ ਇਜਾਜ਼ਤ ਨਮਾਜ਼ ਪੜ੍ਹਨ ਖ਼ਿਲਾਫ਼ ਕੇਸ ਦਰਜ
ਮੇਰਠ, 15 ਮਾਰਚ
ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਵਿੱਚ ਪੁਲੀਸ ਨੇ ਇੱਕ ਨਿੱਜੀ ਯੂਨੀਵਰਸਿਟੀ ਵਿੱਚ ਬਿਨਾਂ ਇਜਾਜ਼ਤ ਦੇ ਜਨਤਕ ਤੌਰ ’ਤੇ ਨਮਾਜ਼ ਅਦਾ ਕਰਨ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਹੈ। ਇੱਕ ਪੁਲੀਸ ਅਧਿਕਾਰੀ ਨੇ ਅੱਜ ਦੱਸਿਆ ਕਿ ਇਹ ਘਟਨਾ ਆਈਆਈਐੱਮਟੀ ਯੂਨੀਵਰਸਿਟੀ (IIMT University) ਦੇ ਵਿਦਿਆਰਥੀ ਖਾਲਿਦ ਪ੍ਰਧਾਨ ਉਰਫ਼ ਖਾਲਿਦ ਮੇਵਾਤੀ ਵੱਲੋਂ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਸਾਂਝਾ ਕੀਤੇ ਜਾਣ ਮਗਰੋਂ ਸੁਰਖ਼ੀਆਂ ਵਿੱਚ ਆਈ। ਵੀਡੀਓ ਵਿੱਚ ਵਿਦਿਆਰਥੀ ਯੂਨੀਵਰਸਿਟੀ ਕੈਂਪਸ ਵਿੱਚ ਨਮਾਜ਼ ਅਦਾ ਕਰਦੇ ਦਿਖਾਈ ਦੇ ਰਹੇ ਹਨ। ਸਥਾਨਕ ਹਿੰਦੂ ਜਥੇਬੰਦੀਆਂ ਨੇ ਇਸ ਨੂੰ ਲੈ ਕੇ ਵਿਰੋਧ-ਪ੍ਰਦਰਸ਼ਨ ਕੀਤਾ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਮਾਮਲੇ ਸਬੰਧੀ ਖਾਲਿਦ ਪ੍ਰਧਾਨ ਅਤੇ ਤਿੰਨ ਸੁਰੱਖਿਆ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਗੰਗਾ ਨਗਰ ਥਾਣੇ ਦੇ ਇੰਚਾਰਜ ਅਨੂਪ ਸਿੰਘ ਨੇ ਦੱਸਿਆ ਕਿ ਕਾਰਤਿਕ ਹਿੰਦੂ ਨਾਮ ਦੇ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ ’ਤੇ ਖਾਲਿਦ ਮੇਵਾਤੀ ਦੇ ਇੰਸਟਾਗ੍ਰਾਮ ਪੇਜ ‘ਖਾਲਿਦ ਪ੍ਰਧਾਨ 302’ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਅਤੇ ਸੂਚਨਾ ਤਕਨਾਲੋਜੀ (ਸੋਧ) ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸਥਾਨਕ ਹਿੰਦੂ ਜਥੇਬੰਦੀਆਂ ਨੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੇ ਸ਼ਾਮਲ ਹੋਣ ਅਤੇ ਹੋਲੀ ਦੇ ਤਿਉਹਾਰ ਦੌਰਾਨ ਸੋਸ਼ਲ ਮੀਡੀਆ ’ਤੇ ਜਾਣ-ਬੁੱਝ ਕੇ ਵੀਡੀਓ ਸਾਂਝਾ ਕਰਨ ਦਾ ਹਵਾਲਾ ਦਿੰਦਿਆਂ ਖਾਲਿਦ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।
ਯੂਨੀਵਰਸਿਟੀ ਦੇ ਬੁਲਾਰੇ ਸੁਨੀਲ ਸ਼ਰਮਾ ਨੇ ਦੱਸਿਆ ਕਿ ਅੰਦਰੂਨੀ ਜਾਂਚ ਵਿੱਚ ਪਤਾ ਚੱਲਿਆ ਕਿ ਪ੍ਰਸ਼ਾਸਨ ਦੀ ਇਜਾਜ਼ਤ ਤੋਂ ਬਿਨਾਂ ਕੈਂਪਸ ਵਿੱਚ ਨਮਾਜ਼ ਪੜ੍ਹਨ ਅਤੇ ਇਸਦੀ ਵੀਡੀਓ ਵਾਇਰਲ ਕਰਨ ਦਾ ਉਦੇਸ਼ ਯੂਨੀਵਰਸਿਟੀ ਵਿੱਚ ਫਿਰਕੂ ਸਦਭਾਵਨਾ ਨੂੰ ਵਿਗਾੜਨਾ ਜਾਪਦਾ ਹੈ। ਸ਼ਰਮਾ ਅਨੁਸਾਰ, ਇਸ ਮਾਮਲੇ ਵਿੱਚ ਜਾਂਚ ਕਮੇਟੀ ਨੇ ਮੁੱਖ ਮੁਲਜ਼ਮ ਖਾਲਿਦ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਸੀ, ਪਰ ਉਹ ਪੇਸ਼ ਨਹੀਂ ਹੋਇਆ ਜਿਸ ਮਗਰੋਂ ਉਸਨੂੰ ਮੁਅੱਤਲ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਤਿੰਨ ਸੁਰੱਖਿਆ ਕਰਮਚਾਰੀਆਂ ਨੂੰ ਵੀ ਲਾਪ੍ਰਵਾਹੀ ਵਰਤਣ ਦੇ ਦੋਸ਼ਾਂ ਹੇਠ ਮੁਅੱਤਲ ਕੀਤਾ ਗਿਆ ਹੈ। -ਪੀਟੀਆਈ