ਪ੍ਰਧਾਨ ਮੰਤਰੀ ਵੱਲੋਂ ਗਾਂਧੀ ਤੇ ਸ਼ਾਸਤਰੀ ਨੂੰ ਜਨਮ ਵਰ੍ਹੇਗੰਢ ’ਤੇ ਸ਼ਰਧਾਂਜਲੀ ਭੇਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀਰਵਾਰ ਨੂੰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ਮੌਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਸ੍ਰੀ ਮੋਦੀ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਇੱਕ ਵਿਕਸਤ ਭਾਰਤ ਦੇ ਨਿਰਮਾਣ ਲਈ ਉਨ੍ਹਾਂ ਦੇ ਮਾਰਗ ’ਤੇ ਚੱਲੇਗੀ। ਉਨ੍ਹਾਂ ਕਿਹਾ, ‘‘ਗਾਂਧੀ ਜਯੰਤੀ ਪਿਆਰੇ ਬਾਪੂ ਦੇ ਅਸਾਧਾਰਨ ਜੀਵਨ ਨੂੰ ਸ਼ਰਧਾਂਜਲੀ ਭੇਟ ਕਰਨ ਬਾਰੇ ਹੈ, ਜਿਨ੍ਹਾਂ ਦੇ ਆਦਰਸ਼ਾਂ ਨੇ ਮਨੁੱਖੀ ਇਤਿਹਾਸ ਦੇ ਰਾਹ ਨੂੰ ਬਦਲ ਦਿੱਤਾ। ਉਨ੍ਹਾਂ ਨੇ ਦਿਖਾਇਆ ਕਿ ਕਿਵੇਂ ਹਿੰਮਤ ਅਤੇ ਸਾਦਗੀ ਮਹਾਨ ਤਬਦੀਲੀ ਦੇ ਸਾਧਨ ਬਣ ਸਕਦੇ ਹਨ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਗਾਂਧੀ ਲੋਕਾਂ ਨੂੰ ਸਸ਼ਕਤ ਬਣਾਉਣ ਦੇ ਜ਼ਰੂਰੀ ਸਾਧਨ ਵਜੋਂ ਸੇਵਾ ਅਤੇ ਹਮਦਰਦੀ ਦੀ ਸ਼ਕਤੀ ਵਿੱਚ ਵਿਸ਼ਵਾਸ ਰੱਖਦੇ ਸਨ।
ਸ੍ਰੀ ਮੋਦੀ ਨੇ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਸ਼ਾਸਤਰੀ ਦੀ ਇੱਕ ਅਸਾਧਾਰਨ ਰਾਜਨੇਤਾ ਵਜੋਂ ਸ਼ਲਾਘਾ ਕੀਤੀ ਜਿਨ੍ਹਾਂ ਦੀ ਇਮਾਨਦਾਰੀ, ਨਿਮਰਤਾ ਅਤੇ ਦ੍ਰਿੜਤਾ ਨੇ ਭਾਰਤ ਨੂੰ ਮਜ਼ਬੂਤ ਬਣਾਇਆ। ਪ੍ਰਧਾਨ ਮੰਤਰੀ ਨੇ ਕਿਹਾ, ‘‘ਉਹ ਮਿਸਾਲੀ ਲੀਡਰਸ਼ਿਪ, ਤਾਕਤ ਅਤੇ ਫੈਸਲਾਕੁਨ ਕਾਰਵਾਈ ਦਾ ਪ੍ਰਤੀਕ ਸਨ। ‘ਜੈ ਜਵਾਨ ਜੈ ਕਿਸਾਨ’ ਦੇ ਉਨ੍ਹਾਂ ਦੇ ਸਪੱਸ਼ਟ ਨਾਅਰੇ ਨੇ ਸਾਡੇ ਲੋਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਜਗਾਈ। ਉਹ ਸਾਨੂੰ ਇੱਕ ਮਜ਼ਬੂਤ ਅਤੇ ਸਵੈ-ਨਿਰਭਰ ਭਾਰਤ ਬਣਾਉਣ ਦੇ ਯਤਨਾਂ ਵਿੱਚ ਪ੍ਰੇਰਿਤ ਕਰਦੇ ਰਹਿੰਦੇ ਹਨ।’’