ਪ੍ਰਧਾਨ ਮੰਤਰੀ ਮੋਦੀ ਸਾਨੂੰ ਚੋਰ ਕਹਿਣਗੇ, ਇਸ ਦੀ ਕਦੇ ਉਮੀਦ ਨਹੀਂ ਸੀ: ਮਮਤਾ ਬੈਨਰਜੀ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਿਆ ਹੈ। ਉਨ੍ਹਾਂ ਪ੍ਰਧਾਨ ਮੰਤਰੀ ਦੀਆਂ ਹਾਲੀਆ ਟਿੱਪਣੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕਦੇ ਉਮੀਦ ਨਹੀਂ ਸੀ ਕੀਤੀ ਕਿ ਉਹ (ਪ੍ਰਧਾਨ ਮੰੰਤਰੀ) ਉਨ੍ਹਾਂ (ਮੁੱਖ ਮੰਤਰੀ) ਦੀ ਕੁਰਸੀ ਦਾ ਅਪਮਾਨ ਕਰਨਗੇ ਅਤੇ ਸੂਬਾ ਵਾਸੀਆਂ ਨੂੰ ‘ਚੋਰ’ ਕਹਿ ਕੇ ਨਿਰਾਦਰ ਕਰਨਗੇ।
ਪੂਰਬਾ ਬਰਧਮਾਨ ਜ਼ਿਲ੍ਹੇ ਦੇ ਬਰਧਮਾਨ ਕਸਬੇ ਵਿੱਚ ਸਮਾਜ ਭਲਾਈ ਯੋਜਨਾਵਾਂ ਦੇ ਲਾਭਪਾਤਰੀਆਂ ਲਈ ਕਰਵਾਏ ਸਮਾਗਮ ਮੌਕੇ ਮਮਤਾ ਬੈਨਰਜੀ ਨੇ ਨਰਿੰਦਰ ਮੋਦੀ ਦੀਆਂ ਟਿੱਪਣੀਆਂ ’ਤੇ ਇਤਰਾਜ਼ ਜਤਾਉਂਦਿਆਂ ਕੇਂਦਰੀ ਫੰਡਾਂ ਨੂੰ ਰੋਕਣ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਫੰਡ ਰੋਕਣ ਨਾਲ ਸੂਬੇ ਦੇ ਖਜ਼ਾਨੇ ’ਤੇ ਭਾਰੀ ਬੋਝ ਪਿਆ ਹੈ। ਮਮਤਾ ਨੇ ਕਿਹਾ, ‘ਪ੍ਰਧਾਨ ਮੰਤਰੀ ਨੂੰ ਮੇਰੀ ਕੁਰਸੀ ਦਾ ਸਤਿਕਾਰ ਕਰਨਾ ਚਾਹੀਦਾ ਹੈ ਜਿਵੇਂ ਮੈਂ ਉਨ੍ਹਾਂ ਦੀ ਕੁਰਸੀ ਦਾ ਸਤਿਕਾਰ ਕਰਦੀ ਹਾਂ। ਮੈਂ ਕਦੇ ਉਮੀਦ ਨਹੀਂ ਕੀਤੀ ਸੀ ਕਿ ਉਹ ਪੱਛਮੀ ਬੰਗਾਲ ਦੇ ਲੋਕਾਂ ਨੂੰ ਚੋਰ ਕਹਿਣਗੇ।’ ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਬਿਹਾਰ ਵਿਚ ਭ੍ਰਿਸ਼ਟਾਚਾਰ ਜ਼ੋਰਾਂ ’ਤੇ ਹੈ, ਇਸ ਦੇ ਬਾਵਜੂਦ ਪ੍ਰਧਾਨ ਮੰਤਰੀ ਨੇ ਡਬਲ-ਇੰਜਣ ਭਾਜਪਾ ਸਰਕਾਰਾਂ ਵਾਲੇ ਸੂਬਿਆਂ ਵਿਚ ਭ੍ਰਿਸ਼ਟਾਚਾਰ ਦੇ ਮਾਮਲੇ ’ਤੇ ਅੱਖਾਂ ਬੰਦ ਕਰ ਲਈਆਂ ਹਨ।
ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਵਿਚ ਜਦੋਂ ਵੀ ਚੋਣਾਂ ਆਉਂਦੀਆਂ ਹਨ ਤਾਂ ਨਰਿੰਦਰ ਮੋਦੀ ਪਰਵਾਸੀ ਪੰਛੀ ਵਾਂਗ ਪੱਛਮੀ ਬੰਗਾਲ ਆਉਂਦੇ ਹਨ। ਮਮਤਾ ਨੇ ਦਾਅਵਾ ਕੀਤਾ ਕਿ ਸੂਬਾ ਸਰਕਾਰ ਨੇ ਲੋਕ ਭਲਾਈ ਯੋਜਨਾਵਾਂ ਲਈ ਕੇਂਦਰੀ ਫੰਡਾਂ ਦੀ ਵਰਤੋਂ ਬਾਰੇ ਕੇਂਦਰ ਸਰਕਾਰ ਦੇ ਸਾਰੇ ਸਵਾਲਾਂ ਦੇ ਤਸੱਲੀਬਖਸ਼ ਜਵਾਬ ਦਿੱਤੇ ਹਨ, ਇਸ ਦੇ ਬਾਵਜੂਦ ਕੇਂਦਰ ਨੇ ਸੂਬੇ ਦੇ ਫੰਡ ਰੋਕ ਲਏ ਹਨ। ਪੀਟੀਆਈ