ਪ੍ਰਧਾਨ ਮੰਤਰੀ ਮੋਦੀ ਵੱਲੋਂ Statue of Unity ਵਿਖੇ ਸਰਦਾਰ ਵੱਲਭਭਾਈ ਪਟੇਲ ਨੂੰ ਸ਼ਰਧਾਂਜਲੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭਭਾਈ ਪਟੇਲ ਨੂੰ ਉਨ੍ਹਾਂ ਦੀ 150ਵੀਂ ਜਨਮ ਵਰ੍ਹੇਗੰਢ ਮੌਕੇ ਸਟੈਚੂ ਆਫ਼ ਯੂਨਿਟੀ ਵਿਖੇ ਫੁੱਲ ਮਾਲਾਵਾਂ ਨਾਲ ਸ਼ਰਧਾਂਜਲੀ ਭੇਟ ਕੀਤੀ। ਸ੍ਰੀ ਮੋਦੀ ਦੇ ਪਹਿਲੀ ਵਾਰ ਪ੍ਰਧਾਨ ਮੰਤਰੀ ਬਣਨ ਮਗਰੋਂ ਸਾਲ 2014 ਤੋਂ ਪਟੇਲ ਦੀ ਜਨਮ ਵਰ੍ਹੇਗੰਢ ਮੌਕੇ 31 ਅਕਤੂੁਬਰ ਨੂੰ ਰਾਸ਼ਟਰੀ ਏਕਤਾ ਦਿਵਸ (National Unity Day) ਵਜੋਂ ਮਨਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਅੱਜ ਸਵੇਰੇ ਗੁਜਰਾਤ ਦੇ ਨਰਮਦਾ ਜ਼ਿਲ੍ਹੇ ਵਿਚ ਏਕਤਾ ਨਗਰ ਨੇੜੇ ਪਟੇਲ ਦੇ 182 ਮੀਟਰ ਉੱਚੇ ਬੁੱਤ ਕੋਲ ਪੁੱਜੇ ਤੇ ਭਾਰਤ ਦੇ ਲੋਹ ਪੁਰਸ਼ ਨੂੰ ਫੁੱਲ ਮਾਲਾਵਾਂ ਨਾਲ ਸ਼ਰਧਾਂਜਲੀ ਦਿੱਤੀ।
ਉਪਰੰਤ ਸ੍ਰੀ ਮੋਦੀ ਇਥੋਂ ਨੇੜੇ ਹੀ ਮੁੱਖ ਸਮਾਗਮ ਵਾਲੀ ਥਾਂ ਪੁੱਜੇ ਜਿੱਥੇ ਉਨ੍ਹਾਂ ਇਕੱਠ ਨੂੰ ਏਕਤਾ ਦਿਵਸ ਦੀ ਸਹੁੰ ਚੁਕਾਈ ਅਤੇ ਰਾਸ਼ਟਰੀ ਏਕਤਾ ਦਿਵਸ ਪਰੇਡ ਦੇਖੀ। ਰਾਸ਼ਟਰੀ ਏਕਤਾ ਦਿਵਸ ਪਰੇਡ, ਜੋ ਜਸ਼ਨਾਂ ਦਾ ਪ੍ਰਮੁੱਖ ਆਕਰਸ਼ਣ ਸੀ, ਵਿੱਚ ਬੀਐਸਐਫ ਅਤੇ ਸੀਆਰਪੀਐਫ ਵਰਗੇ ਨੀਮ ਫੌਜੀ ਬਲ ਅਤੇ ਵੱਖ-ਵੱਖ ਰਾਜ ਪੁਲੀਸ ਬਲਾਂ ਦੀਆਂ ਟੁਕੜੀਆਂ ਵੀ ਸ਼ਾਮਲ ਹਨ। ਇਸ ਸਾਲ ਇਹ ਸਮਾਗਮ ਹੋਰ ਵੀ ਖਾਸ ਹੈ ਕਿਉਂਕਿ ਪਰੇਡ ਗਣਤੰਤਰ ਦਿਵਸ ਪਰੇਡ ਦੀ ਤਰਜ਼ ’ਤੇ ਆਯੋਜਿਤ ਕੀਤੀ ਗਈ।
ਪਰੇਡ ਵਿੱਚ NSG (ਨੈਸ਼ਨਲ ਸਿਕਿਓਰਿਟੀ ਗਾਰਡ), NDRF (ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ), ਗੁਜਰਾਤ, ਜੰਮੂ ਅਤੇ ਕਸ਼ਮੀਰ, ਅੰਡੇਮਾਨ ਅਤੇ ਨਿਕੋਬਾਰ ਟਾਪੂ, ਮਨੀਪੁਰ, ਮਹਾਰਾਸ਼ਟਰ, ਛੱਤੀਸਗੜ੍ਹ, ਉਤਰਾਖੰਡ ਅਤੇ ਪੁਡੂਚੇਰੀ ਦੇ ਝਾਕੀਆਂ ਸ਼ਾਮਲ ਸਨ, ਜੋ ‘ਏਕਤਾ ਵਿਚ ਅਨੇਕਤਾ’ ਦੇ ਥੀਮ ਨੂੰ ਦਰਸਾਉਂਦੀਆਂ ਸਨ। ਪਰੇਡ ਰੂਟ ’ਤੇ 900 ਕਲਾਕਾਰਾਂ ਨੇ ਪੇਸ਼ਕਾਰੀ ਜ਼ਰੀਏ ਭਾਰਤੀ ਸੱਭਿਆਚਾਰ ਦੀ ਅਮੀਰੀ ਅਤੇ ਵਿਭਿੰਨਤਾ ਨੂੰ ਦਰਸਾਉਂਦੇ ਸ਼ਾਸਤਰੀ ਨ੍ਰਿਤਾਂ ਦਾ ਪ੍ਰਦਰਸ਼ਨ ਕੀਤਾ।
ਪਰੇਡ ਵਿੱਚ ਸੀਮਾ ਸੁਰੱਖਿਆ ਬਲ (BSF), ਕੇਂਦਰੀ ਰਿਜ਼ਰਵ ਪੁਲੀਸ ਬਲ (CRPF), ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF), ਭਾਰਤ-ਤਿੱਬਤੀ ਸਰਹੱਦੀ ਪੁਲੀਸ (ITBP) ਅਤੇ ਸਸ਼ਸਤਰ ਸੀਮਾ ਬਲ (SSB) ਦੀਆਂ ਟੁਕੜੀਆਂ ਨੇ ਵੀ ਹਿੱਸਾ ਲਿਆ। ਸੁਰੱਖਿਆ ਬਲਾਂ ਵਿੱਚ ਮਹਿਲਾ ਸਸ਼ਕਤੀਕਰਨ ਨੂੰ ਦਰਸਾਉਂਦਿਆਂ ਪੁਲੀਸ ਅਤੇ ਨੀਮ ਫੌਜੀ ਬਲਾਂ ਦੀਆਂ ਟੁਕੜੀਆਂ, ਜਿਨ੍ਹਾਂ ਦੀ ਅਗਵਾਈ ਮਹਿਲਾ ਅਧਿਕਾਰੀਆਂ ਨੇ ਕੀਤੀ, ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਰਸਮੀ ਸਲਾਮੀ ਦਿੱਤੀ ਗਈ।
ਇਸ ਸਾਲ ਦੀ ਪਰੇਡ ਦਾ ਮੁੱਖ ਆਕਰਸ਼ਣ ਬੀਐਸਐਫ ਦਾ ਮਾਰਚਿੰਗ ਦਲ ਸੀ, ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਭਾਰਤੀ ਨਸਲ ਦੇ ਕੁੱਤਿਆਂ ਜਿਵੇਂ ਕਿ ਰਾਮਪੁਰ ਹਾਉਂਡਜ਼, ਗੁਜਰਾਤ ਪੁਲੀਸ ਦਾ ਘੋੜਿਆਂ ਦਾ ਦਲ, ਅਸਾਮ ਪੁਲੀਸ ਦਾ ਮੋਟਰਸਾਈਕਲ ਡੇਅਰਡੈਵਿਲ ਸ਼ੋਅ, ਅਤੇ ਬੀਐਸਐਫ ਦਾ ਊਠਾਂ ਵਾਲਾ ਦਲ ਅਤੇ ਊਠਾਂ ’ਤੇ ਸਵਾਰ ਬੈਂਡ ਸ਼ਾਮਲ ਸਨ। ਪਰੇਡ ਵਿੱਚ ਸੀਆਰਪੀਐਫ ਦੇ ਪੰਜ ਸ਼ੌਰਿਆ ਚੱਕਰ ਪੁਰਸਕਾਰ ਜੇਤੂਆਂ ਅਤੇ ਬੀਐਸਐਫ ਦੇ 16 ਬਹਾਦਰੀ ਤਗਮਾ ਜੇਤੂਆਂ ਨੂੰ ਵੀ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਝਾਰਖੰਡ ਵਿੱਚ ਨਕਸਲ ਵਿਰੋਧੀ ਕਾਰਵਾਈਆਂ ਅਤੇ ਜੰਮੂ-ਕਸ਼ਮੀਰ ਵਿੱਚ ਅਤਿਵਾਦ ਵਿਰੋਧੀ ਕਾਰਵਾਈਆਂ ਵਿੱਚ ਅਸਾਧਾਰਨ ਹਿੰਮਤ ਦਿਖਾਈ। ਭਾਰਤੀ ਹਵਾਈ ਸੈਨਾ ਨੇ ‘ਆਪ੍ਰੇਸ਼ਨ ਸੂਰਿਆ ਕਿਰਨ’ ਅਧੀਨ ਇੱਕ ਫਲਾਈ-ਪਾਸਟ ਪੇਸ਼ ਕੀਤਾ।
 
 
             
            