ਪ੍ਰਧਾਨ ਮੰਤਰੀ ਮੋਦੀ ਯੂਕੇ ਤੇ ਮਾਲਦੀਵ ਦੀ ਚਾਰ ਰੋਜ਼ਾ ਫੇਰੀ ਲਈ ਰਵਾਨਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਕੇ ਤੇ ਮਾਲਦੀਵਜ਼ ਦੀ ਚਾਰ ਰੋਜ਼ਾ ਫੇਰੀ ਲਈ ਰਵਾਨਾ ਹੋ ਗਏ ਹਨ। ਪ੍ਰਧਾਨ ਮੰਤਰੀ ਦੀ ਯੂਕੇ ਫੇਰੀ ਦੌਰਾਨ ਭਾਰਤ-ਯੂਕੇ ਫ੍ਰੀ ਟਰੇਡ ਐਗਰੀਮੈਂਟ (ਮੁਕਤ ਵਪਾਰ ਸਮਝੌਤੇ) ਉੱਤੇ ਸਹੀ ਪੈਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਉਨ੍ਹਾਂ ਦੀ ਇਸ ਫੇਰੀ ਨਾਲ ਦੋਵਾਂ ਦੇਸ਼ਾਂ ਨਾਲ ਭਾਰਤ ਦੇ ਸਬੰਧਾਂ ਨੂੰ ਹੁਲਾਰਾ ਮਿਲੇਗਾ।
ਸ੍ਰੀ ਮੋਦੀ ਨੇ ਆਪਣੇ ਰਵਾਨਗੀ ਬਿਆਨ ਵਿੱਚ ਕਿਹਾ ਕਿ ਭਾਰਤ ਅਤੇ ਯੂਨਾਈਟਿਡ ਕਿੰਗਡਮ ਇੱਕ ਵਿਆਪਕ ਰਣਨੀਤਕ ਭਾਈਵਾਲ ਹਨ ਜਿਨ੍ਹਾਂ ਹਾਲੀਆ ਸਾਲਾਂ ਵਿਚ ਦੁਵੱਲੇ ਰਿਸ਼ਤਿਆਂ ਵਿੱਚ ਅਹਿਮ ਪ੍ਰਗਤੀ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘‘ਯੂਕੇ ਦੇ ਆਪਣੇ ਹਮਰੁਤਬਾ ਸਰ ਕੀਰ ਸਟਾਰਮਰ ਨਾਲ ਮੇਰੀ ਮੁਲਾਕਾਤ ਦੌਰਾਨ, ਸਾਨੂੰ ਆਪਣੀ ਆਰਥਿਕ ਭਾਈਵਾਲੀ ਨੂੰ ਹੋਰ ਵਧਾਉਣ ਦਾ ਮੌਕਾ ਮਿਲੇਗਾ, ਜਿਸ ਦਾ ਮੰਤਵ ਦੋਵਾਂ ਦੇਸ਼ਾਂ ਵਿੱਚ ਖੁਸ਼ਹਾਲੀ, ਵਿਕਾਸ ਅਤੇ ਰੁਜ਼ਗਾਰ ਸਿਰਜਣਾ ਨੂੰ ਹੱਲਾਸ਼ੇਰੀ ਦੇਣਾ ਹੈ।’’
ਪ੍ਰਧਾਨ ਮੰਤਰੀ ਆਪਣੀ ਫੇਰੀ ਦੌਰਾਨ ਸਮਰਾਟ ਚਾਰਲਸ ਤਿੰਨ ਨਾਲ ਵੀ ਮੁਲਾਕਾਤ ਕਰਨਗੇ। ਮੋਦੀ ਇਸ ਤੋਂ ਬਾਅਦ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਦੇ ਸੱਦੇ ’ਤੇ ਮਾਲਦੀਵ ਦੀ ਯਾਤਰਾ ਕਰਨਗੇ। ਸ੍ਰੀ ਮੋਦੀ ਮਾਲਦੀਵ ਦੀ ਆਜ਼ਾਦੀ ਦੀ 60ਵੀਂ ਵਰ੍ਹੇਗੰਢ ਦੇ ਜਸ਼ਨਾਂ ਵਿੱਚ ਸ਼ਾਮਲ ਹੋਣਗੇ।