ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪ੍ਰਧਾਨ ਮੰਤਰੀ ਮੋਦੀ ਨੇ ਟਰੰਪ ਦੀਆਂ ਫੋਨ ਕਾਲਾਂ ਨੂੰ ਨਜ਼ਰਅੰਦਾਜ਼ ਕੀਤਾ

ਜਰਮਨ ਅਖ਼ਬਾਰ Frankfurter Allgemeine Zeitung ਨੇ ਆਪਣੀ ਖ਼ਬਰਨੁਮਾ ਰਿਪੋਰਟ ’ਚ ਕੀਤਾ ਦਾਅਵਾ
Advertisement
ਜਰਮਨ ਅਖ਼ਬਾਰ Frankfurter Allgemeine Zeitung ਜਿਸ ਨੂੰ ਇਸ ਦੇ ਸੰਖੇਪ ਨਾਮ FAZ ਨਾਲ ਵੀ ਜਾਣਿਆ ਜਾਂਦਾ ਹੈ, ਦੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹਾਲੀਆ ਹਫ਼ਤਿਆਂ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫ਼ੋਨ ’ਤੇ ਗੱਲ ਕਰਨ ਦੀਆਂ ਘੱਟੋ-ਘੱਟ ਚਾਰ ਕੋਸ਼ਿਸ਼ਾਂ ਕੀਤੀਆਂ, ਪਰ ਭਾਰਤੀ ਪ੍ਰਧਾਨ ਮੰਤਰੀ ਨੇ ਉਨ੍ਹਾਂ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।

ਅਖ਼ਬਾਰ ਦਾ ਕਹਿਣਾ ਹੈ ਕਿ ਇਹ ‘ਉਨ੍ਹਾਂ (ਮੋਦੀ) ਦੇ ਗੁੱਸੇ ਦੀ ਡੂੰਘਾਈ, ਪਰ ਉਨ੍ਹਾਂ ਦੀ ਚੌਕਸੀ’ ਨੂੰ ਦਰਸਾਉਂਦਾ ਹੈ। ਕਾਬਿਲੇਗੌਰ ਹੈ ਕਿ ਅਮਰੀਕੀ ਰਾਸ਼ਟਰਪਤੀ ਵੱਲੋਂ ਭਾਰਤ ’ਤੇ ਰੂਸ ਤੋਂ ਤੇਲ ਦੀ ਖਰੀਦ ਬਦਲੇ ਜੁਰਮਾਨੇ ਵਜੋਂ 25 ਫੀਸਦ ਵਾਧੂ ਟੈਕਸ ਲਗਾਉਣ ਮਗਰੋਂ ਪਿਛਲੇ ਕੁਝ ਹਫ਼ਤਿਆਂ ਵਿੱਚ ਭਾਰਤ-ਅਮਰੀਕਾ ਸਬੰਧਾਂ ਵਿੱਚ ਕਸ਼ੀਦਗੀ ਵਧੀ ਹੈ।

Advertisement

ਬਰਲਿਨ ਸਥਿਤ ਗਲੋਬਲ ਪਬਲਿਕ ਪਾਲਿਸੀ ਇੰਸਟੀਚਿਊਟ ਦੇ ਸਹਿ-ਬਾਨੀ ਅਤੇ ਨਿਰਦੇਸ਼ਕ Thorsten Benner ਨੇ ਮੰਗਲਵਾਰ ਨੂੰ X ’ਤੇ ਪੋਸਟ ਕੀਤਾ: "FAZ ਦਾ ਦਾਅਵਾ ਹੈ ਕਿ ਟਰੰਪ ਨੇ ਹਾਲੀਆ ਹਫ਼ਤਿਆਂ ਵਿੱਚ ਮੋਦੀ ਨੂੰ ਚਾਰ ਵਾਰ ਫ਼ੋਨ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੋਦੀ ਨੇ ਇਨ੍ਹਾਂ ਕਾਲਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ।’’ ਬੈੱਨਰ ਨੇ X ’ਤੇ ਖ਼ਬਰਨੁਮਾ ਰਿਪੋਰਟ ਦੀ ਇੱਕ ਕਾਪੀ ਵੀ ਪੋਸਟ ਕੀਤੀ ਹੈ।

ਇਹ ਖ਼ਬਰਨੁਮਾ ਰਿਪੋਰਟ ਅਮਰੀਕਾ ਵੱਲੋਂ ਭਾਰਤ ’ਤੇ 50 ਫੀਸਦ ਟੈਰਿਫ ਲਗਾਏ ਜਾਣ ਤੋਂ ਇੱਕ ਦਿਨ ਪਹਿਲਾਂ ਆਈ ਹੈ। ਇਨ੍ਹਾਂ ਟੈਰਿਫਾਂ ਵਿੱਚੋਂ 25 ਫੀਸਦ ਜੁਰਮਾਨਾ ਹੈ, ਜੋ ਭਾਰਤ ਵੱਲੋਂ ਰੂਸੀ ਕੱਚਾ ਤੇਲ ਖਰੀਦਣ ਕਾਰਨ ਲਗਾਇਆ ਗਿਆ ਹੈ। ਬਾਕੀ ਅੱਧਾ ਨਵੀਂ ਦਿੱਲੀ ਵੱਲੋਂ ਆਪਣੇ ਖੇਤੀਬਾੜੀ ਅਤੇ ਡੇਅਰੀ ਸੈਕਟਰ ਨੂੰ ਅਮਰੀਕੀ ਵਸਤਾਂ ਲਈ ਨਾ ਖੋਲ੍ਹਣ ਦੀ ਜ਼ਿੱਦ ਕਾਰਨ ਵਪਾਰਕ ਗੱਲਬਾਤ ਠੱਪ ਹੋਣ ਕਾਰਨ ਹੈ।

ਜਰਮਨ ਅਖ਼ਬਾਰ ਨੇ ਦਾਅਵਾ ਕੀਤਾ ਕਿ ‘ਮੋਦੀ ਨਾਰਾਜ਼ ਸਨ।’ ਉਨ੍ਹਾਂ ਕਿਹਾ ਕਿ ਟਰੰਪ ਦੇ ਦ੍ਰਿਸ਼ਟੀਕੋਣ ਨੇ ਆਮ ਤੌਰ ’ਤੇ ਉਨ੍ਹਾਂ ਨੂੰ ਅਮਰੀਕੀ ਬਾਜ਼ਾਰ ਉੱਤੇ ਦੂਜੇ ਦੇਸ਼ਾਂ ਦੀ ਨਿਰਭਰਤਾ ਦਾ ਫਾਇਦਾ ਉਠਾਉਣ ਦੀ ਇਜਾਜ਼ਤ ਦਿੱਤੀ। ਪਰ ਮੋਦੀ ਨੇ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ‘ਇਸ ਦਾ ਵਿਰੋਧ ਕੀਤਾ’ ਅਤੇ ਭਾਰਤ ਦੇ ਆਰਥਿਕ ਹਿੱਤਾਂ ਨਾਲ ਸਮਝੌਤਾ ਕੀਤੇ ਬਿਨਾਂ ਟਰੰਪ ਨਾਲ ਸਹਿਯੋਗੀ ਸਬੰਧ ਬਣਾਈ ਰੱਖੇ।

ਪਰ FAZ ਨੇ ਨੋਟ ਕੀਤਾ ਕਿ ਇਸ ਸਥਿਤੀ ਦਾ ਹੈਰਾਨੀਜਨਕ ਤੱਤ ਟਰੰਪ ਵੱਲੋਂ ਮੋਦੀ ਨੂੰ ਮਨਾਉਣ ਦੀਆਂ ਵਾਰ-ਵਾਰ ਕੋਸ਼ਿਸ਼ਾਂ ਸਨ। ਜਰਮਨ ਅਖ਼ਬਾਰ ਦੀ ਰਿਪੋਰਟ ਵਿਚ ਕਿਹਾ ਗਿਆ, ‘‘ਇਹ ਤੱਥ ਕਿ ਭਾਰਤ (ਮੋਦੀ) ਅਜੇ ਵੀ ਗੱਲ ਕਰਨ ਤੋਂ ਇਨਕਾਰ ਕਰਦਾ ਹੈ, ਉਨ੍ਹਾਂ ਦੇ ਗੁੱਸੇ ਦੀ ਡੂੰਘਾਈ ਤੇ ਚੌਕਸੀ ਨੂੰ ਵੀ ਦਰਸਾਉਂਦਾ ਹੈ।’’ FAZ ਨੇ ਫਿਰ ਸਾਵਧਾਨੀ ਦੇ ਪਿੱਛੇ ਦਾ ਕਾਰਨ ਦੱਸਿਆ। ਟਰੰਪ ਨੇ ਪਹਿਲਾਂ ਜਨਰਲ ਸਕੱਤਰ ਟੂ ਲਾਮ ਨਾਲ ਇੱਕ ਫ਼ੋਨ ਕਾਲ ਦੌਰਾਨ ਅਮਰੀਕਾ ਅਤੇ ਵੀਅਤਨਾਮ ਵਿਚਕਾਰ ਇੱਕ ਵਪਾਰ ਸਮਝੌਤੇ ’ਤੇ ਮੁੜ ਗੱਲਬਾਤ ਕੀਤੀ ਸੀ, ਜਿਸ ਨੂੰ ਦੋਵਾਂ ਦੇਸ਼ਾਂ ਦੇ ਵਫ਼ਦਾਂ ਨੇ ਬੜੀ ਮਿਹਨਤ ਨਾਲ ਵਿਉਂਤਿਆ ਸੀ।

ਕਿਸੇ ਸਮਝੌਤੇ ’ਤੇ ਪਹੁੰਚੇ ਬਿਨਾਂ ਹੀ ਟਰੰਪ ਨੇ ਸੋਸ਼ਲ ਮੀਡੀਆ ’ਤੇ ਐਲਾਨ ਕੀਤਾ ਕਿ ਇੱਕ ਵਪਾਰ ਸਮਝੌਤਾ ਹੋ ਗਿਆ ਹੈ। FAZ ਨੇ ਕਿਹਾ, ‘‘ਮੋਦੀ ਉਸੇ ਜਾਲ ਵਿੱਚ ਨਹੀਂ ਫਸਣਾ ਚਾਹੁੰਦੇ।’’ FAZ ਨੇ ਦਾਅਵਾ ਵੀ ਕੀਤਾ ਕਿ ਨਵੀਂ ਦਿੱਲੀ ਨੇੜੇ ਟਰੰਪ ਦੇ ਨਿਰਮਾਣ ਪ੍ਰਾਜੈਕਟਾਂ ਨੇ ਵੀ ਭਾਰਤ ਵਿਚ ਵਿਵਾਦ ਖੜ੍ਹਾ ਕਰ ਦਿੱਤਾ ਹੈ। ਟਰੰਪ ਪਰਿਵਾਰ ਦੀ ਕੰਪਨੀ ਨੇ ‘ਟਰੰਪ’ ਨਾਮ ਹੇਠ ਲਗਜ਼ਰੀ ਟਾਵਰ ਬਣਾਏ। FAZ ਦੀ ਰਿਪੋਰਟ ਅਨੁਸਾਰ 300 ਅਪਾਰਟਮੈਂਟ, ਜਿਨ੍ਹਾਂ ਦੀ ਕੀਮਤ ਬਾਰਾਂ ਮਿਲੀਅਨ ਯੂਰੋ ਤੱਕ ਹੈ, ਮਈ ਦੇ ਅੱਧ ਵਿੱਚ ਇੱਕ ਦਿਨ ਵਿੱਚ ਵਿਕ ਗਏ। ਅਖ਼ਬਾਰ ਨੇ ਕਿਹਾ ਕਿ ਟਰੰਪ ਵੱਲੋਂ ਭਾਰਤ-ਪਾਕਿ ਫੌਜੀ ਟਕਰਾਅ ਵਿੱਚ ਜੰਗਬੰਦੀ ਕਰਵਾਉਣ ਦੇ ਵਾਰ ਵਾਰ ਕੀਤੇ ਜਾਂਦੇ ਦਾਅਵਿਆਂ ਤੋਂ ਬਾਅਦ ਭਾਰਤ ਵਾਲੇ ਪਾਸੇ ਗੁੱਸਾ ਸੀ।

ਰਿਪੋਰਟ ਵਿਚ ਕਿਹਾ ਗਿਆ ਕਿ ‘ਟਰੰਪ ਦੇ ਇਸ ਐਲਾਨ ਕਿ ਉਹ ਪਾਕਿਸਤਾਨ ਵਿਚ ਤੇਲ ਭੰਡਾਰ ਵਿਕਸਤ ਕਰੇਗਾ, ਜਿਸ ਨੂੰ ਭਾਰਤ ਫਿਰ ਆਪਣੇ ਕੱਟੜ ਦੁਸ਼ਮਣ ਤੋਂ ਖਰੀਦੇਗਾ’ ਨੇ ਹਾਲਾਤ ਨੂੰ ਹੋਰ ਵਿਗਾੜ ਦਿੱਤਾ। ਟਰੰਪ ਵੱਲੋਂ ਓਵਲ ਦਫ਼ਤਰ ਵਿੱਚ ਰਾਤਰੀ ਭੋਜ ਵਿਚ ਪਾਕਿਸਤਾਨ ਦੇ ਫੌਜ ਮੁਖੀ ਆਸਿਮ ਮੁਨੀਰ ਦੀ ਮੇਜ਼ਬਾਨੀ ਨੂੰ, ਭਾਰਤ ਵਿੱਚ ਇੱਕ ਭੜਕਾਹਟ ਵਜੋਂ ਦੇਖਿਆ ਗਿਆ।’’

ਉਧਰ ਵਿਦੇਸ਼ ਮੰਤਰਾਲੇ (MEA) ਮੁਤਾਬਕ ਮੋਦੀ ਨੇ 17 ਜੂਨ ਨੂੰ ਰਾਸ਼ਟਰਪਤੀ ਦੀ ਬੇਨਤੀ ’ਤੇ ਟਰੰਪ ਨਾਲ ਗੱਲ ਕੀਤੀ। ਦੋਵਾਂ ਨੇ ਕੈਨੇਡਾ ਵਿੱਚ G7 ਸੰਮੇਲਨ ਤੋਂ ਇਕਪਾਸੇ ਮਿਲਣਾ ਸੀ, ਪਰ ਟਰੰਪ ਨਿਰਧਾਰਤ ਸਮੇਂ ਤੋਂ ਪਹਿਲਾਂ ਅਮਰੀਕਾ ਵਾਪਸ ਆ ਗਏ। ਵਿਦੇਸ਼ ਮੰਤਰਾਲੇ ਨੇ 18 ਜੂਨ ਨੂੰ ਜਾਰੀ ਬਿਆਨ ਵਿਚ ਕਿਹਾ, ‘‘ਇਸ ਤੋਂ ਬਾਅਦ, ਰਾਸ਼ਟਰਪਤੀ ਟਰੰਪ ਦੀ ਬੇਨਤੀ ’ਤੇ ਦੋਵਾਂ ਆਗੂਆਂ ਨੇ 17 ਜੁਲਾਈ ਨੂੰ ਫ਼ੋਨ ’ਤੇ ਗੱਲ ਕੀਤੀ। ਗੱਲਬਾਤ ਕਰੀਬ 35 ਮਿੰਟ ਚੱਲੀ।’’ ਵਿਦੇਸ਼ ਮੰਤਰਾਲੇ ਨੇ ਕਿਹਾ, ‘‘(ਹਮਲੇ ਅਤੇ ਆਪ੍ਰੇਸ਼ਨ ਸਿੰਧੂਰ) ਤੋਂ ਬਾਅਦ ਇਹ ਦੋਵਾਂ ਆਗੂਆਂ ਵਿਚਕਾਰ ਪਹਿਲੀ ਗੱਲਬਾਤ ਸੀ। ਇਸ ਲਈ, ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਟਰੰਪ ਨਾਲ ਆਪ੍ਰੇਸ਼ਨ ਸਿੰਧੂਰ ਬਾਰੇ ਵਿਸਥਾਰ ਵਿੱਚ ਗੱਲ ਕੀਤੀ।’’

 

 

Advertisement
Tags :
#USImposesTariffsDonaldTrumpGlobalPoliticsIndiaPakistanConflictIndiaUSRelationsNarendraModiTradeWarTrumpModiUSIndiaTradeਅਮਰੀਕੀ ਟੈਰਿਫਟਰੰਪ ਮੋਦੀਡੋਨਲਡ ਟਰੰਪਪੰਜਾਬੀ ਖ਼ਬਰਾਂਭਾਰਤ ਅਮਰੀਕਾ ਰਿਸ਼ਤੇਭਾਰਤ ਅਮਰੀਕਾ ਵਪਾਰਭਾਰਤ ਪਾਕਿਸਤਾਨ ਵਿਵਾਦਵਪਾਰਕ ਜੰਗ
Show comments