ਪ੍ਰਧਾਨ ਮੰਤਰੀ ਮੋਦੀ ਵੱਲੋਂ ਭਾਰਤ-ਜਾਪਾਨ ਭਾਈਵਾਲੀ ਮਜ਼ਬੂਤ ਕਰਨ ਦਾ ਸੱਦਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ X ’ਤੇ ਇੱਕ ਪੋਸਟ ਵਿੱਚ ਕਿਹਾ, ‘‘ਅੱਜ ਸਵੇਰੇ ਟੋਕੀਓ ਵਿੱਚ ਜਾਪਾਨ ਦੇ 16 ਪ੍ਰੀਫੈਕਚਰ ਦੇ ਗਵਰਨਰਾਂ ਨਾਲ ਗੱਲਬਾਤ ਕੀਤੀ। State-prefecture ਸਹਿਯੋਗ ਭਾਰਤ-ਜਾਪਾਨ ਦੋਸਤੀ ਦਾ ਇੱਕ ਮਹੱਤਵਪੂਰਨ ਥੰਮ੍ਹ ਹੈ। ਇਹੀ ਕਾਰਨ ਹੈ ਕਿ ਬੀਤੇ ਦਿਨ 15ਵੇਂ ਸਾਲਾਨਾ ਭਾਰਤ-ਜਾਪਾਨ ਸੰਮੇਲਨ ਦੌਰਾਨ ਇਸ ’ਤੇ ਇੱਕ ਵੱਖਰੀ ਪਹਿਲਕਦਮੀ ਸ਼ੁਰੂ ਕੀਤੀ ਗਈ ਸੀ।’’
ਉਨ੍ਹਾਂ ਕਿਹਾ, ‘‘ਵਪਾਰ, ਨਵੀਨਤਾ, ਉੱਦਮਤਾ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਸਹਿਯੋਗ ਕਰਨ ਦੀ ਬਹੁਤ ਸੰਭਾਵਨਾ ਹੈ। Startups, ਤਕਨੀਕ ਅਤੇ AI ਵਰਗੇ ਭਵਿੱਖਵਾਦੀ ਖੇਤਰ ਵੀ ਲਾਭਦਾਇਕ ਹੋ ਸਕਦੇ ਹਨ।’’
ਵਿਦੇਸ਼ ਮੰਤਰਾਲੇ ਨੇ X ’ਤੇ ਇੱਕ ਪੋਸਟ ਵਿੱਚ ਗੱਲਬਾਤ ਦੇ ਵੇਰਵੇ ਵੀ ਸਾਂਝੇ ਕੀਤੇ, ਜਿਸ ਵਿੱਚ ਕਿਹਾ ਗਿਆ ਹੈ, ‘‘ਭਾਰਤ-ਜਾਪਾਨ ਸਬੰਧਾਂ ਨੂੰ ਹੁਲਾਰਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੋਕੀਓ ਵਿੱਚ 16 ਪ੍ਰੀਫੈਕਚਰ ਦੇ ਰਾਜਪਾਲਾਂ ਨਾਲ ਮੁਲਾਕਾਤ ਕੀਤੀ।’’
ਪ੍ਰਧਾਨ ਮੰਤਰੀ ਨੇ ਰਾਜਾਂ-ਪ੍ਰੀਫੈਕਚਰ ਸਹਿਯੋਗ ਦੀ ਸੰਭਾਵਨਾ ਨੂੰ ਉਭਾਰਿਆ ਅਤੇ ਇਸ ਸਬੰਧੀ ਸਾਂਝੀ ਤਰੱਕੀ ਲਈ 15ਵੇਂ ਭਾਰਤ-ਜਾਪਾਨ ਸਾਲਾਨਾ ਸੰਮੇਲਨ ਦੌਰਾਨ ਸ਼ੁਰੂ ਕੀਤੇ ਗਏ State-prefecture ਭਾਈਵਾਲੀ ਪਹਿਲਕਦਮੀ ਤਹਿਤ ਕਾਰਵਾਈ ਕਰਨ ਦੀ ਅਪੀਲ ਕੀਤੀ।
ਮੰਤਰਾਲੇ ਨੇ ਕਿਹਾ ਕਿ ਤਕਨਾਲੋਜੀ, ਨਵੀਨਤਾ, ਨਿਵੇਸ਼, ਹੁਨਰ, ਸਟਾਰਟ-ਅੱਪ ਅਤੇ SME ਦੇ ਖੇਤਰਾਂ ਵਿੱਚ ਭਾਰਤੀ ਰਾਜਾਂ ਅਤੇ ਜਾਪਾਨੀ ਪ੍ਰੀਫੈਕਚਰ ਵਿਚਕਾਰ ਵਧ ਰਹੀ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਦੇ ਤਰੀਕਿਆਂ ’ਤੇ ਵਿਚਾਰ-ਵਟਾਂਦਰੇ ਕੀਤੇ ਗਏ।
ਵਿਦੇਸ਼ ਮੰਤਰਾਲੇ ਦੇ ਬਿਆਨ ਮੁਤਾਬਿਕ ਮੋਦੀ ਨੇ ਆਪਣੇ ਸੰਬੋਧਨ ਵਿੱਚ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ-ਜਾਪਾਨ ਸਬੰਧ, ਪੁਰਾਣੇ ਸੱਭਿਅਕ ਸਬੰਧਾਂ ਤੋਂ ਸੇਧ ਲੈਂਦਿਆਂ ਵਧਦੇ-ਫੁੱਲਦੇ ਰਹਿੰਦੇ ਹਨ।
ਉਨ੍ਹਾਂ ਕਿਹਾ ਕਿ ਟੋਕੀਓ ਅਤੇ ਦਿੱਲੀ ’ਤੇ ਰਵਾਇਤੀ ਲੀਹਾਂ ਤੋਂ ਹਟ ਕੇ State-prefecture ਸ਼ਮੂਲੀਅਤ ਨੂੰ ਇੱਕ ਨਵਾਂ ਹੁਲਾਰਾ ਦੇਣ ਦਾ ਸਮਾਂ ਆ ਗਿਆ ਹੈ।
ਪ੍ਰਧਾਨ ਮੰਤਰੀ ਨੇ ਜਾਪਾਨੀ ਰਾਜਪਾਲਾਂ ਅਤੇ ਭਾਰਤੀ ਰਾਜ ਸਰਕਾਰਾਂ ਨੂੰ ਨਿਰਮਾਣ, ਗਤੀਸ਼ੀਲਤਾ, ਅਗਲੀ ਪੀੜ੍ਹੀ ਦੇ ਬੁਨਿਆਦੀ ਢਾਂਚੇ, ਨਵੀਨਤਾ, ਸਟਾਰਟ-ਅੱਪ ਅਤੇ ਛੋਟੇ ਕਾਰੋਬਾਰਾਂ ਵਿੱਚ ਮਜ਼ਬੂਤ ਸਹਿਯੋਗ ਬਣਾਉਣ ਦੀ ਅਪੀਲ ਕੀਤੀ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਨੌਜਵਾਨਾਂ ਅਤੇ ਹੁਨਰਾਂ ਦੇ ਆਦਾਨ-ਪ੍ਰਦਾਨ ਵਿੱਚ ਸਾਂਝੇ ਯਤਨਾਂ ਅਤੇ ਭਾਰਤੀ ਪ੍ਰਤਿਭਾ ਨਾਲ ਜਾਪਾਨੀ ਤਕਨਾਲੋਜੀ ਨੂੰ ਅਨੁਕੂਲ ਢੰਗ ਨਾਲ ਜੋੜਨ ਦਾ ਸੱਦਾ ਵੀ ਦਿੱਤਾ।