ਪ੍ਰਧਾਨ ਮੰਤਰੀ ਵੱਲੋਂ ਵਿਸ਼ਵ ਕੱਪ ਜੇਤੂ ਮਹਿਲਾ ਕ੍ਰਿਕਟ ਟੀਮ ਨਾਲ ਮੁਲਾਕਾਤ
ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਮੁੱਖ ਕੋਚ ਅਮੋਲ ਮਜ਼ੂਮਦਾਰ ਅਤੇ ਬੀ ਸੀ ਸੀ ਆਈ ਪ੍ਰਧਾਨ ਮਿਥੁਨ ਮਨਹਾਸ ਵੀ ਮੌਜੂਦ ਸਨ।
ਪ੍ਰਧਾਨ ਮੰਤਰੀ ਵੱਲੋਂ ਵੀਰਵਾਰ ਨੂੰ ਸਾਂਝੀ ਕੀਤੀ ਗਈ ਗੱਲਬਾਤ ਦੀ ਵੀਡੀਓ ਵਿੱਚ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ, ‘‘ਮੈਨੂੰ ਅਜੇ ਵੀ ਯਾਦ ਹੈ ਜਦੋਂ ਅਸੀਂ 2017 ਵਿੱਚ ਤੁਹਾਨੂੰ ਮਿਲੇ ਸੀ। ਉਸ ਸਮੇਂ ਅਸੀਂ ਕੋਈ ਟਰਾਫ਼ੀ ਲੈ ਕੇ ਨਹੀਂ ਆਏ ਸੀ। ਪਰ ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਇਸ ਵਾਰ, ਜਿਸ ਚੀਜ਼ ਲਈ ਅਸੀਂ ਇੰਨੇ ਸਾਲਾਂ ਤੋਂ ਸਖ਼ਤ ਮਿਹਨਤ ਕਰ ਰਹੇ ਸੀ, ਅਸੀਂ ਉਹ ਟਰਾਫ਼ੀ ਇੱਥੇ ਲੈ ਕੇ ਆਏ ਹਾਂ।’’
ਜਦੋਂ ਭਾਰਤ ਦੀਆਂ ਮਹਿਲਾ ਕ੍ਰਿਕਟਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਖੁਸ਼ੀਨੁਮਾ ਮਾਹੌਲ ਵਿੱਚ ਗੱਲਬਾਤ ਕਰਨ ਲਈ ਬੈਠੀਆਂ, ਤਾਂ ਉਨ੍ਹਾਂ ਦੀ ਸ਼ਾਨਦਾਰ ਵਿਸ਼ਵ ਕੱਪ ਜੇਤੂ ਮੁਹਿੰਮ ਹੀ ਇੱਕਲੌਤਾ ਵਿਸ਼ਾ ਨਹੀਂ ਸੀ। ਇਸ ਦੌਰਾਨ ਟੈਟੂ ਅਤੇ ਇੱਥੋਂ ਤੱਕ ਕਿ ਸਕਿਨ ਕੇਅਰ ਰੁਟੀਨ ਬਾਰੇ ਵੀ ਚਰਚਾ ਹੋਈ।
ਪ੍ਰਧਾਨ ਮੰਤਰੀ ਮੋਦੀ ਨੇ ਜਵਾਬ ਦਿੱਤਾ, "ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ। ਭਾਰਤ ਵਿੱਚ ਕ੍ਰਿਕਟ ਸਿਰਫ਼ ਇੱਕ ਖੇਡ ਨਹੀਂ ਹੈ। ਇੱਕ ਤਰ੍ਹਾਂ ਨਾਲ, ਇਹ ਭਾਰਤ ਦੇ ਲੋਕਾਂ ਦੀ ਜ਼ਿੰਦਗੀ ਬਣ ਗਈ ਹੈ। ਜੇ ਕ੍ਰਿਕਟ ਵਿੱਚ ਕੁਝ ਚੰਗਾ ਹੁੰਦਾ ਹੈ, ਤਾਂ ਭਾਰਤ ਚੰਗਾ ਮਹਿਸੂਸ ਕਰਦਾ ਹੈ ਅਤੇ ਜੇ ਕ੍ਰਿਕਟ ਵਿੱਚ ਥੋੜ੍ਹਾ ਜਿਹਾ ਵੀ ਕੁਝ ਗਲਤ ਹੁੰਦਾ ਹੈ, ਤਾਂ ਪੂਰਾ ਭਾਰਤ ਬੁਰਾ ਮਹਿਸੂਸ ਕਰਦਾ ਹੈ।"
ਫਿਰ ਪ੍ਰਧਾਨ ਮੰਤਰੀ ਨੇ 'ਪਲੇਅਰ ਆਫ਼ ਦਿ ਟੂਰਨਾਮੈਂਟ' ਦੀਪਤੀ ਸ਼ਰਮਾ ਨੂੰ ਉਸ ਦੇ ਹਨੂਮਾਨ ਟੈਟੂ ਬਾਰੇ ਪੁੱਛਿਆ, ਜੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਸੀ।
ਇਸ ਦੌਰਾਨ ਟਾਪ-ਆਰਡਰ ਬੱਲੇਬਾਜ਼ ਹਰਲੀਨ ਦਿਓਲ ਨੇ ਮੋਦੀ ਨੂੰ ਉਨ੍ਹਾਂ ਦੇ ਸਕਿਨ ਕੇਅਰ ਰੁਟੀਨ ਬਾਰੇ ਪੁੱਛਿਆ ਅਤੇ ਪੂਰਾ ਹਾਲ ਹਾਸੇ ਨਾਲ ਗੂੰਜ ਉੱਠਿਆ। ਇਸ 'ਤੇ ਪ੍ਰਧਾਨ ਮੰਤਰੀ ਨੇ ਖੁੱਲ੍ਹੇ ਦਿਲ ਨਾਲ ਹੱਸਦਿਆਂ ਜਵਾਬ ਦਿੱਤਾ, “ਮੈਂ ਇਨ੍ਹਾਂ ਸਭ ਬਾਰੇ ਨਹੀਂ ਸੋਚਦਾ।”
