ਜਹਾਜ਼ ਹਾਦਸਾ: ਅੱਠ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੂਜਾ ਨਮੂਨਾ ਦੇਣ ਨੂੰ ਕਿਹਾ
ਅਹਿਮਦਾਬਾਦ, 21 ਜੂਨ
ਅਹਿਮਦਾਬਾਦ ਜਹਾਜ਼ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਅੱਠ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਡੀਐੱਨਏ ਜਾਂਚ ਵਾਸਤੇ ਹੋਰ ਸਕੇ-ਸਬੰਧੀਆਂ ਦਾ ਨਮੂਨਾ ਦੇਣ ਲਈ ਕਿਹਾ ਗਿਆ ਹੈ ਕਿਉਂਕਿ ਇਕ ਪਰਿਵਾਰਕ ਮੈਂਬਰ ਵੱਲੋਂ ਦਿੱਤੇ ਗਏ ਪਹਿਲੇ ਨਮੂਨੇ ਦਾ ਮੇਲ ਨਹੀਂ ਹੋ ਪਾਇਆ ਸੀ। ਹੁਣ ਤੱਕ ਡੀਐੱਨਏ ਰਾਹੀਂ ਹਾਦਸੇ ਦੇ 247 ਮ੍ਰਿਤਕਾਂ ਦੀ ਪਛਾਣ ਹੋ ਚੁੱਕੀ ਹੈ ਅਤੇ 232 ਮ੍ਰਿਤਕਾਂ ਦੀਆਂ ਦੇਹਾਂ ਪਰਿਵਾਰਾਂ ਨੂੰ ਸੌਂਪੀਆਂ ਜਾ ਚੁੱਕੀਆਂ ਹਨ। ਉੱਧਰ, ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਹਾਦਸੇ ਤੋਂ ਬਾਅਦ ਲਾਪਤਾ ਦੱਸੇ ਗਏ ਫਿਲਮ ਨਿਰਮਾਤਾ ਮਹੇਸ਼ ਜੀਰਾਵਾਲਾ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ ਸੀ। ਨਮੂਨਿਆਂ ਦੇ ਡੀਐੱਨਏ ਮੇਲ ਤੋਂ ਇਹ ਪੁਸ਼ਟੀ ਹੋਈ ਹੈ। ਅਹਿਮਦਾਬਾਦ ਸਿਵਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਰਾਕੇਸ਼ ਜੋਸ਼ੀ ਨੇ ਦੱਸਿਆ ਕਿ ਜਦੋਂ ਤੱਕ ਡੀਐੱਨਏ ਦਾ ਮੇਲ ਨਹੀਂ ਹੋ ਜਾਂਦਾ, ਮ੍ਰਿਤਕ ਦੇਹਾਂ ਪਰਿਵਾਰਾਂ ਨੂੰ ਨਹੀਂ ਸੌਂਪੀਆਂ ਜਾ ਸਕਦੀਆਂ। -ਪੀਟੀਆਈ
ਏਅਰ ਇੰਡੀਆ ਵੱਲੋਂ ਅੰਤਰਿਮ ਰਾਹਤ ਵਜੋਂ 25-25 ਲੱਖ ਦੇਣ ਦੀ ਸ਼ੁਰੂਆਤ
ਏਅਰ ਇੰਡੀਆ ਨੇ ਅੱਜ ਕਿਹਾ ਕਿ ਉਸ ਨੇ 12 ਜੂਨ ਦੇ ਜਹਾਜ਼ ਹਾਦਸੇ ਦੇ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਬਚੇ ਹੋਏ ਲੋਕਾਂ ਨੂੰ ਅੰਤਰਿਮ ਰਾਹਤ ਵਜੋਂ 25-25 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਜਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਏਅਰਲਾਈਨ ਨੇ ਮ੍ਰਿਤਕਾਂ ਦੇ ਪਰਿਵਾਰਾਂ ਤੇ ਹਾਦਸੇ ’ਚ ਬਚੇ ਹੋਏ ਲੋਕਾਂ ਨੂੰ ਅੰਤਰਿਮ ਰਾਹਤ ਵਜੋਂ 25-25 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਜਾਰੀ ਕਰਨ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਹੁਣ ਤੱਕ ਤਿੰਨ ਪਰਿਵਾਰਾਂ ਨੂੰ ਇਹ ਮੁਆਵਜ਼ਾ ਰਾਸ਼ੀ ਦਿੱਤੀ ਜਾ ਚੁੱਕੀ ਹੈ।