Plane crash: DGCA ਨੇ ਦਿੱਤੇ ਏਅਰ ਇੰਡੀਆ ਦੇ Boeing 787 Dreamliner ਬੇੜੇ ਦੀ ਜਾਂਚ ਵਧਾਉਣ ਦੇ ਹੁਕਮ
ਨਵੀਂ ਦਿੱਲੀ, 13 ਜੂਨ
ਅਹਿਮਦਾਬਾਦ ਵਿੱਚ ਹੋਏ ਭਿਆਨਕ ਜਹਾਜ਼ ਹਾਦਸੇ ਵਿੱਚ 241 ਲੋਕਾਂ ਦੀ ਮੌਤ ਤੋਂ ਇੱਕ ਦਿਨ ਬਾਅਦ ਹਵਾਬਾਜ਼ੀ ਨਿਗਰਾਨ ਅਦਾਰੇ DGCA ਨੇ ਸ਼ੁੱਕਰਵਾਰ ਨੂੰ ਏਅਰ ਇੰਡੀਆ ਦੇ ਬੋਇੰਗ 787 ਡ੍ਰੀਮਲਾਈਨਰ ਦੀ ਫਲੀਟ ਦੀ ਸੁਰੱਖਿਆ ਜਾਂਚ ਵਧਾਉਣ ਦੇ ਹੁਕਮ ਦਿੱਤੇ। ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰ ਇੰਡੀਆ ਦੇ ਬੇੜੇ ਵਿੱਚ 26 ਬੋਇੰਗ 787-8 ਅਤੇ 7 ਬੋਇੰਗ 787-9 ਹਨ ਜਹਾਜ਼ ਸ਼ਾਮਲ ਹਨ।
ਸਿਵਲ ਏਵੀਏਸ਼ਨ ਡਾਇਰੈਕਟੋਰੇਟ ਜਨਰਲ (Directorate General of Civil Aviation - DGCA) ਨੇ ਏਅਰ ਇੰਡੀਆ ਨੂੰ ਹਦਾਇਤ ਦਿੱਤੀ ਹੈ ਕਿ ਉਹ ਆਪਣੇ ਬੋਇੰਗ 787-8 ਅਤੇ 787-9 ਜਹਾਜ਼ਾਂ ਦੀ ਸਾਂਭ-ਸੰਭਾਲ ਸਬੰਧੀ ਵਧੇਰੇ ਜ਼ਿਆਦਾ ਕਾਰਵਾਈਆਂ ਫ਼ੌਰੀ ਤੌਰ ’ਤੇ ਲਾਗੂ ਕਰੇ, ਜਿਹੜੇ ਕਿ Genx ਇੰਜਣਾਂ ਨਾਲ ਲੈਸ ਹਨ।
ਇਹ ਕਾਰਵਾਈਆਂ ਸਬੰਧਤ DGCA ਖੇਤਰੀ ਦਫਤਰਾਂ ਨਾਲ ਤਾਲਮੇਲ ਵਿੱਚ ਕੀਤੀਆਂ ਜਾਣਗੀਆਂ। ਏਅਰ ਇੰਡੀਆ ਦਾ ਬੋਇੰਗ 787-8 ਡ੍ਰੀਮਲਾਈਨਰ ਜਹਾਜ਼, ਜੋ ਕਿ ਅਹਿਮਦਾਬਾਦ ਤੋਂ ਲੰਡਨ ਗੈਟਵਿਕ ਲਈ ਉਡਾਣ ਭਰ ਰਿਹਾ ਸੀ, ਵੀਰਵਾਰ ਦੁਪਹਿਰ ਨੂੰ ਉਡਾਣ ਭਰਨ ਤੋਂ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਿਆ ਸੀ। ਜਹਾਜ਼ ਵਿੱਚ ਸਵਾਰ 242 ਲੋਕਾਂ ਵਿੱਚੋਂ ਸਿਰਫ਼ ਇੱਕ ਮੁਸਾਫ਼ਰ ਹੀ ਜ਼ਿੰਦਾ ਬਚਿਆ ਹੈ। -ਪੀਟੀਆਈ