Plane Crash: ਜਹਾਜ਼ ਹਾਦਸਾ ਸਥਲ ’ਤੇ ਮਲਬਾ ਇਕੱਠਾ ਕਰਨ ਦਾ ਕੰਮ ਸਾਰੀ ਰਾਤ ਰਿਹਾ ਜਾਰੀ
ਸਾਫ਼-ਸਫ਼ਾਈ ਦਾ ਕੰਮ ਅਜੇ ਵੀ ਚੱਲ ਰਿਹਾ
ਅਹਿਮਦਾਬਾਦ, 13 ਜੂਨ
ਏਅਰ ਇੰਡੀਆ ਦੇ ਹਾਦਸਾਗ੍ਰਸਤ ਜਹਾਜ਼ ਜਿਸ ਵਿਚ ਬੀਤੇ ਦਿਨੀ 265 ਲੋਕਾਂ ਦੀ ਜਾਨ ਚਲੀ ਗਈ ਸੀ, ਉਸ ਦਾ ਮਲਬਾ ਇਕੱਠਾ ਕਰਨ ਅਤੇ ਸਾਫ-ਸਫ਼ਾਈ ਦਾ ਕੰਮ ਪੂਰੀ ਰਾਤ ਚੱਲਦਾ ਰਿਹਾ ਅਤੇ ਹੁਣ ਅੰਤਿਮ ਪੜਾਅ ’ਤੇ ਹੈ।
ਬੋਇੰਗ 787 ਡਰੀਮਲਾਈਨਰ, ਜਿਸ ਵਿਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਸਮੇਤ 242 ਲੋਕ ਸਵਾਰ ਸਨ, ਉਡਾਣ ਤੋਂ ਕੁਝ ਹੀ ਪਲਾਂ ਬਾਅਦ ਮੇਘਾਨੀਨਗਰ ਖੇਤਰ ਵਿਚ ਮੈਡੀਕਲ ਕਾਲਜ ਕੰਪਲੈਕਸ ਨਾਲ ਟਕਰਾ ਗਿਆ। ਇਸ ਦੁੱਖਦਾਈ ਘਟਨਾ ਵਿਚ ਸਿਰਫ਼ ਇੱਕ ਹੀ ਵਿਅਕਤੀ ਬਚ ਪਾਇਆ ਜਦਕਿ ਇਸ ਜਹਾਜ਼ ’ਚ ਸਵਾਰ 241 ਲੋਕ ਜਿਨ੍ਹਾਂ ਵਿਚ 168 ਭਾਰਤੀ, 53 ਬ੍ਰਿਟਿਸ਼, 7 ਪੁਰਤਗਾਲੀ ਅਤੇ ਇੱਕ ਕੈਨੇਡੀਅਨ ਸ਼ਾਮਿਲ ਸਨ, ਸਭ ਮਾਰੇ ਗਏ।
ਪੁਲੀਸ ਦੀ ਡਿਪਟੀ ਕਮਿਸ਼ਨਰ ਕਨਨ ਦੇਸਾਈ ਨੇ ਦੱਸਿਆ ਕਿ ਘਟਨਾ ਸਥਾਨ ਦੀ ਸਾਫ਼-ਸਫ਼ਾਈ ਦਾ ਸਾਰੀ ਰਾਤ ਜਾਰੀ ਰਿਹਾ ਅਤੇ ਅਜੇ ਵੀ ਮਲਬਾ ਹਟਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਲਾਸ਼ਾਂ ਬੁਰੀ ਤਰਾਂ ਸੜ ਚੁੱਕੀਆਂ ਸਨ ਜਿਸ ਕਰ ਕੇ ਉਨ੍ਹਾਂ ਦੀ ਪਛਾਣ ਕਰਨੀ ਔਖੀ ਸੀ। ਇਸ ਤੋਂ ਪਹਿਲਾਂ ਸੀਨੀਅਰ ਅਧਿਕਾਰੀ ਨੇ ਕਿਹਾ ਸੀ ਕਿ 265 ਲਾਸ਼ਾਂ ਨੂੰ ਸਿਟੀ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਸੀ।
ਏਅਰਪੋਰਟ ਦਾਇਰੇ ਤੋਂ ਬਾਹਰ ਬੀਜੇ ਮੈਡੀਕਲ ਕਾਲਜ ਦੇ ਕੰਪਲੈਕਸ ਵਿਚ ਮਾਰੇ ਜਾਣ ਵਾਲਿਆਂ ਵਿਚ ਚਾਰ ਐੱਮਬੀਬੀਐੱਸ ਵਿਦਿਆਰਥੀ ਅਤੇ ਇਕ ਡਾਕਟਰ ਦੀ ਪਤਨੀ ਵੀ ਸ਼ਾਮਿਲ ਹਨ।