ਜੰਮੂ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਪਰਚੀ ਲਿਜਾਂਦਾ ਕਬੂਤਰ ਫੜਿਆ
ਜੰਮੂ ਜ਼ਿਲ੍ਹੇ ਤੇ ਆਰਐੱਸ ਪੁਰਾ ਸਰਹੱਦੀ ਇਲਾਕੇ ’ਚ ਜੰਮੂ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਪਰਚੀ ਲਿਜਾਂਦਾ ਕਬੂਤਰ ਸੁਰੱਖਿਆ ਬਲਾਂ ਨੇ ਫੜਿਆ ਹੈ। ਇਸ ਮਗਰੋਂ ਪੁਲੀਸ ਨੇ ਇਲਾਕੇ ’ਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਕੌਮਾਂਤਰੀ ਸਰਹੱਦ (ਆਈਬੀ) ਦੇ ਭਾਰਤ ਵਾਲੇ ਪਾਸੇ ਗੁਬਾਰੇ ਤੇ ਝੰਡੇ ਰਾਹੀਂ ਧਮਕੀ ਭਰੇ ਸੁਨੇਹੇ ਭੇਜਣ ਦੀਆਂ ਘਟਨਾਵਾਂ ਹੁੰਦੀਆਂ ਰਹੀਆਂ ਪਰ ਇਹ ਪਹਿਲੀ ਵਾਰ ਹੈ ਜਦੋਂ ਕਬੂਤਰ ਨੂੰ ਧਮਕੀ ਵਾਲੀ ਪਰਚੀ ਲਿਜਾਂਦੇ ਹੋਏ ਫੜਿਆ ਗਿਆ ਹੈ। ਮੌਜੂਦਾ ਖ਼ਤਰੇ ਦੇ ਖ਼ਦਸ਼ਿਆਂ ਅਤੇ ਭਾਰਤ ਵਿਰੋਧੀ ਸਾਜ਼ਿਸ਼ਾਂ ਦੇ ਮੱਦੇਨਜ਼ਰ ਸੁਰੱਖਿਆ ਏਜੰਸੀਆਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀਆਂ ਹਨ। ਪੁਲੀਸ ਦੇ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਕਬੂਤਰ ਪਾਕਿਸਤਾਨ ਵਾਲੇ ਪਾਸਿਓਂ ਉੱਡ ਕੇ ਆਇਆ ਹੋਣ ਦਾ ਖਦਸ਼ਾ ਹੈ, ਜਿਸ ਨੂੰ 18 ਅਗਸਤ ਦੀ ਰਾਤ ਲਗਪਗ 9 ਵਜੇ ਕੌਮਾਂਤਰੀ ਸਰਹੱਦ ਨਾਲ ਲੱਗਦੇ ਕਟਮਾਰੀਆ ਇਲਾਕੇ ਵਿਚੋਂ ਫੜਿਆ ਗਿਆ। ਇਸ ਦੇ ਪੰਜਿਆਂ ’ਚ ਪਰਚੀ ਬੰਨ੍ਹੀ ਹੋਈ ਮਿਲੀ, ਜਿਸ ’ਤੇ ਜੰਮੂ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਲਿਖੀ ਸੀ।’’ ਸੂਤਰਾਂ ਮੁਤਾਬਕ ਪਰਚੀ ’ਚ ਉਰਦੂ ਤੇ ਅੰਗਰੇਜ਼ੀ ’ਚ ਜੰਮੂ ਰੇਲਵੇ ਸਟੇਸ਼ਨ ਨੂੰ ਬਾਰੂਦੀ ਸੁਰੰਗ (ਆਈਈਡੀ) ਨਾਲ ਉਡਾਉਣ ਦੀ ਧਮਕੀ ਤੋਂ ਇਲਾਵਾ ‘‘ਕਸ਼ਮੀਰ ਫਰੀਡਮ’, ‘ਟਾਈਮ ਹੈਜ਼ ਕਮ’ ਵੀ ਲਿਖਿਆ ਹੋਇਆ ਸੀ। ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਏਜੰਸੀਆਂ ਇਹ ਜਾਂਚ ਕਰ ਰਹੀਆਂ ਹਨ ਕਿ ਇਹ ਕੋਈ ਸ਼ਰਾਰਤ ਹੈ ਜਾਂ ਕੋਈ ਸਾਜ਼ਿਸ਼ ਹੈ। ਰੇਲਵੇ ਸਟੇਸ਼ਨ ਅਤੇ ਪੱਟੜੀਆਂ ਦੇ ਨੇੜੇ ਸੁਰੱਖਿਆ ਵਧਾ ਦਿੱਤੀ ਗਈ ਹੈ। ਡਾਗ ਸਕੁਐਡ ਤੇ ਬੰਬ ਨਕਾਰਾ ਕਰਨ ਵਾਲੇ ਦਸਤੇ ਤਾਇਨਾਤ ਕੀਤੇ ਗਏ ਹਨ।