ਚੈਤੰਨਯਨੰਦ ਦੇ ਫੋਨ ’ਚੋਂ ਲੜਕੀਆਂ ਦੀਆਂ ਤਸਵੀਰਾਂ ਮਿਲੀਆਂ
ਦਿੱਲੀ ਦੇ ਵਸੰਤ ਕੁੰਜ ਇਲਾਕੇ ਵਿੱਚ ਸ੍ਰੀ ਸ਼ਾਰਦਾ ਇੰਸਟੀਚਿਊਟ ਆਫ ਇੰਡੀਅਨ ਮੈਨੇਜਮੈਂਟ ਐਂਡ ਰਿਸਰਚ ਦੀਆਂ ਵਿਦਿਆਰਥਣਾਂ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਅਖੌਤੀ ਧਰਮਗੁਰੂ ਚੈਤੰਨਯਨੰਦ ਸਰਸਵਤੀ ਦੇ ਮੋਬਾਈਲ ਫੋਨ ’ਚੋਂ ਏਅਰ ਹੋਸਟੈੱਸਾਂ ਦੀਆਂ ਤਸਵੀਰਾਂ ਮਿਲੀਆਂ ਹਨ। ਪੁਲੀਸ ਅਨੁਸਾਰ ਚੈਤੰਨਯਨੰਦ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਿਹਾ ਅਤੇ ਲਗਾਤਾਰ ਝੂਠ ਬੋਲ ਰਿਹਾ ਹੈ। ਉਸ ਦੀਆਂ ਮਹਿਲਾ ਸਾਥਣਾਂ ਤੋਂ ਵੀ ਪੁੱਛ-ਪੜਤਾਲ ਕੀਤੀ ਗਈ ਹੈ ਤਾਂ ਜੋ ਉਸ ਦੀਆਂ ਗਤੀਵਿਧੀਆਂ ਬਾਰੇ ਹੋਰ ਜਾਣਕਾਰੀ ਹਾਸਲ ਕੀਤੀ ਜਾ ਸਕੇ।
ਉਸ ਦੇ ਮੋਬਾਈਲ ਫੋਨ ਦੀ ਜਾਂਚ ਦੌਰਾਨ ਪੁਲੀਸ ਨੂੰ ਕਈ ਲੜਕੀਆਂ ਨਾਲ ਚੈਟ ਮਿਲੀਆਂ ਹਨ, ਜਿੱਥੇ ਉਹ ਉਨ੍ਹਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਨ੍ਹਾਂ ’ਚੋਂ ਕੁਝ ਏਅਰ ਹੋਸਟੈੱਸਾਂ ਦੀਆਂ ਤਸਵੀਰਾਂ ਵੀ ਹਨ, ਜੋ ਉਸ ਨੇ ਉਨ੍ਹਾਂ ਨਾਲ ਖਿੱਚਵਾਈਆਂ ਸਨ। ਉਸ ਦੇ ਫੋਨ ’ਚੋਂ ਕਈ ਲੜਕੀਆਂ ਦੇ ਮੋਬਾਈਲ ਡਿਸਪਲੇਅ ਪਿਕਚਰ (ਡੀ ਪੀ) ਦੇ ਸਕ੍ਰੀਨਸ਼ਾਟ ਵੀ ਮਿਲੇ ਹਨ। ਸੂਤਰਾਂ ਅਨੁਸਾਰ ਚੈਤੰਨਯਨੰਦ ਦਿੱਲੀ ਪੁਲੀਸ ਦੇ ਸਵਾਲਾਂ ਦੇ ਸਹੀ ਅਤੇ ਸਿੱਧੇ ਜਵਾਬ ਦੇਣ ਤੋਂ ਬਚ ਰਿਹਾ ਹੈ। ਪੁਲੀਸ ਅਧਿਕਾਰੀਆਂ ਵੱਲੋਂ ਸਖ਼ਤੀ ਕਰਨ ਅਤੇ ਉਸ ਖ਼ਿਲਾਫ਼ ਸਬੂਤ ਦਿਖਾਉਣ ਤੋਂ ਬਾਅਦ ਹੀ ਉਹ ਕੁਝ ਜਵਾਬ ਦੇ ਰਿਹਾ ਹੈ। ਉਸ ਦੀਆਂ ਸਾਥਣਾਂ ਕੋਲੋਂ ਪੁੱਛ-ਪੜਤਾਲ ਦੌਰਾਨ ਪੁਲੀਸ ਨੇ ਉਸ ਦੀਆਂ ਲੁਕਣਗਾਹਾਂ ਅਤੇ ਹੋਰ ਗਤੀਵਿਧੀਆਂ ਬਾਰੇ ਜਾਣਕਾਰੀ ਲਈ ਹੈ। ਜਾਂਚ ਦੌਰਾਨ ਪੁਲੀਸ ਨੂੰ ਉਸ ਦੀ ਧੋਖਾਧੜੀ ਬਾਰੇ ਲਗਾਤਾਰ ਹੋਰ ਜਾਣਕਾਰੀ ਮਿਲ ਰਹੀ ਹੈ।