ਰਾਜਸਥਾਨ ਦੇ ਦੌਸਾ ’ਚ ਪਿਕਅੱਪ ਵੈਨ ਦੀ ਖੜ੍ਹੇ ਟਰੱਕ ਨਾਲ ਟੱਕਰ, 7 ਬੱਚਿਆਂ ਸਣੇ 11 ਮੌਤਾਂ
ਰਾਜਸਥਾਨ ਦੇ ਦੌਸਾ ਜ਼ਿਲ੍ਹੇ ਵਿਚ ਬੁੱਧਵਾਰ ਵੱਡੇ ਤੜਕੇ ਪਿਕਅੱਪ ਵੈਨ ਦੇ ਇਕ ਖੜ੍ਹੇ ਟਰੱਕ ਨਾਲ ਟਕਰਾਉਣ ਕਰਕੇ ਸੱਤ ਬੱਚਿਆਂ ਸਣੇ 11 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 8 ਜਣੇ ਜ਼ਖ਼ਮੀ ਦੱਸੇ ਜਾਂਦੇ ਹਨ। ਪਿਕਅੱਪ ਵਿਚ ਸਵਾਰ ਯਾਤਰੀ ਖਾਟੂ ਸ਼ਿਆਮ ਤੇ ਸਾਲਾਸਰ ਬਾਲਾਜੀ ਮੰਦਰ ਦੇ ਦਰਸ਼ਨਾਂ ਮਗਰੋਂ ਉੱਤਰ ਪ੍ਰਦੇਸ਼ ਦੇ ਇਟਾਹ ਵਿਚਲੇ ਆਪਣੇ ਪਿੰਡ ਪਰਤ ਰਹੇ ਸਨ।
ਦੌਸਾ ਦੇ ਐੱਸਪੀ ਨੇ ਦੱਸਿਆ ਕਿ ਹਾਦਸਾ ਤੜਕੇ 4-5 ਵਜੇ ਦੇ ਕਰੀਬ ਮਨੋਹਰਪੁਰ ਹਾਈਵੇਅ ’ਤੇ ਹੋਇਆ। ਉਨ੍ਹਾਂ ਕਿਹਾ ਕਿ ਹਾਦਸੇ ਵਿਚ ਸੱਤ ਬੱਚਿਆਂ ਤੇ ਚਾਰ ਮਹਿਲਾਵਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚੋਂ ਸੱਤ ਦੀ ਪਛਾਣ ਪੂਰਵੀ(3), ਦਕਸ਼(12), ਸੀਮਾ(25), ਪ੍ਰਿਯੰਕਾ(25), ਅੰਸ਼ੂ(26), ਸੌਰਭ (28) ਤੇ ਸ਼ੀਲਾ (35) ਵਜੋਂ ਹੋਈ ਹੈ।
ਐੱਸਪੀ ਨੇ ਕਿਹਾ ਕਿ ਪਿੱਕਅਪ ਵੈਨ ਵਿਚ 20 ਵਿਅਕਤੀ ਸਵਾਰ ਸਨ ਜਦੋਂ ਇਹ ਹਾਈਵੇਅ ਦੀ ਸਰਵਿਸ ਲੇਨ ’ਤੇ ਖੜ੍ਹੇ ਟਰੱਕ ਨਾਲ ਟਕਰਾਅ ਗਿਆ। ਪੁਲੀਸ ਅਧਿਕਾਰੀ ਨੇ ਕਿਹਾ ਕਿ ਜ਼ਖ਼ਮੀਆਂ ’ਚੋਂ 8 ਦੀ ਹਾਲਤ ਗੰਭੀਰ ਹੈ।
ਉਧਰ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਹਾਦਸੇ ਵਿਚ ਗਈਆਂ ਜਾਨਾਂ ’ਤੇ ਸੰਵੇਦਨਾ ਤੇ ਦੁੱਖ ਜ਼ਾਹਿਰ ਕੀਤਾ ਹੈ। ਮੁੱਖ ਮੰਤਰੀ ਨੇ ਐਕਸ ’ਤੇ ਹਿੰਦੀ ਵਿਚ ਇਕ ਪੋਸਟ ’ਚ ਕਿਹਾ, ‘‘ਦੌਸਾ ਵਿਚ ਭਿਆਨਕ ਸੜਕ ਹਾਦਸੇ ਵਿਚ ਜਾਨੀ ਨੁਕਸਾਨ ਦੀ ਖ਼ਬਰ ਦਾ ਬੇਹੱਦ ਦੁੱਖ ਹੈ। ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਖ਼ਮੀਆਂ ਨੂੰ ਫੌਰੀ ਤੇ ਢੁੱਕਵਾਂ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਪਰਮਾਤਮਾ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿਚ ਥਾਂ ਬਖ਼ਸ਼ੇ ਤੇ ਜ਼ਖ਼ਮੀਆਂ ਨੂੰ ਛੇਤੀ ਸਿਹਤਯਾਬ ਕਰੇ।’’ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਹੋਰਨਾਂ ਆਗੂਆਂ ਨੇ ਵੀ ਹਾਦਸੇ ਨੂੰ ਲੈ ਕੇ ਦੁੱਖ ਜਤਾਇਆ ਹੈ।