ਮੋਦੀ ਤੇ ਟਰੰਪ ਵਿਚਾਲੇ ਫੋਨ ਵਾਰਤਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੋ ਮਹੀਨਿਆਂ ਅੰਦਰ ਪਹਿਲੀ ਵਾਰ ਅੱਜ ਫੋਨ ’ਤੇ ਗੱਲਬਾਤ ਕਰਦਿਆਂ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੀਆਂ ਕੋਸ਼ਿਸ਼ਾਂ ਵਿਚਾਲੇ ਆਰਥਿਕ ਸਬੰਧ ਮਜ਼ਬੂਤ ਕਰਨ ’ਤੇ ਧਿਆਨ ਕੇਂਦਰਿਤ ਕੀਤਾ। ਦੋਵਾਂ ਆਗੂਆਂ ਵਿਚਾਲੇ ਇਹ ਗੱਲਬਾਤ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ 4-5 ਦਸੰਬਰ ਨੂੰ ਹੋਈ ਭਾਰਤ ਯਾਤਰਾ ਤੋਂ ਕੁਝ ਦਿਨ ਬਾਅਦ ਹੋਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਆਗੂਆਂ ਨੇ ਵਪਾਰ, ਅਹਿਮ ਤਕਨੀਕਾਂ, ਊਰਜਾ, ਰੱਖਿਆ ਤੇ ਸੁਰੱਖਿਆ ਦੇ ਖੇਤਰ ’ਚ ਸਹਿਯੋਗ ਵਧਾਉਣ ਬਾਰੇ ਵਿਚਾਰ ਸਾਂਝੇ ਕੀਤੇ। ਦੋਵਾਂ ਆਗੂਆਂ ਨੇ ਸਾਂਝੀਆਂ ਚੁਣੌਤੀਆਂ ਹੱਲ ਕਰਨ ਅਤੇ ਸਾਂਝੇ ਹਿੱਤ ਅੱਗੇ ਲਿਜਾਣ ਲਈ ਮਿਲ ਕੇ ਕੰਮ ਕਰਨ ’ਤੇ ਸਹਿਮਤੀ ਜ਼ਾਹਿਰ ਕੀਤੀ। ਸ੍ਰੀ ਮੋਦੀ ਤੇ ਸ੍ਰੀ ਟਰੰਪ ਨੇ ਭਾਰਤ-ਅਮਰੀਕਾ ਵਿਆਪਕ ਆਲਮੀ ਰਣਨੀਤਕ ਭਾਈਵਾਲੀ ’ਚ ਹੋਈ ਪ੍ਰਗਤੀ ਦੀ ਵੀ ਸਮੀਖਿਆ ਕੀਤੀ। ਦੋਵਾਂ ਆਗੂਆਂ ਨੇ ਸਾਰੇ ਖਿੱਤਿਆਂ ’ਚ ਦੁਵੱਲਾ ਸਹਿਯੋਗ ਲਗਾਤਾਰ ਮਜ਼ਬੂਤ ਹੋਣ ’ਤੇ ਤਸੱਲੀ ਜ਼ਾਹਿਰ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀ ਮੋਦੀ ਤੇ ਸ੍ਰੀ ਟਰੰਪ ਨੇ ਦੁਵੱਲੇ ਵਪਾਰ ਨੂੰ ਵਧਾਉਣ ਦੀਆਂ ਸਾਂਝੀਆਂ ਕੋਸ਼ਿਸ਼ਾਂ ’ਚ ਗਤੀ ਬਣਾਏ ਰੱਖਣ ਦੇ ਮਹੱਤਵ ’ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਆਗੂਆਂ ਨੇ ਅਹਿਮ ਤਕਨੀਕਾਂ, ਊਰਜਾ, ਰੱਖਿਆ ਤੇ ਸੁਰੱਖਿਆ ਅਤੇ ਹੋਰ ਤਰਜੀਹਾਂ ਵਾਲੇ ਖਿੱਤਿਆਂ ’ਚ ਸਹਿਯੋਗ ਵਧਾਉਣ ’ਤੇ ਵਿਚਾਰ ਸਾਂਝੇ ਕੀਤੇ ਜੋ 21ਵੀਂ ਸਦੀ ਲਈ ਭਾਰਤ-ਅਮਰੀਕਾ ਸਬੰਧਾਂ ਲਈ ਅਹਿਮ ਹਨ। ਆਗੂਆਂ ਨੇ ਵੱਖ ਵੱਖ ਖਿੱਤਿਆਂ ਤੇ ਆਲਮੀ ਘਟਨਾਕ੍ਰਮਾਂ ’ਤੇ ਵੀ ਚਰਚਾ ਕੀਤੀ ਤੇ ਸਾਂਝੀਆਂ ਚੁਣੌਤੀਆਂ ਦਾ ਹੱਲ ਕਰਨ ਤੇ ਸਾਂਝੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਮਿਲ ਕੇ ਕੰਮ ਕਰਨ ’ਤੇ ਸਹਿਮਤੀ ਜ਼ਾਹਿਰ ਕੀਤੀ।
ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤੀ ਉਤਪਾਦਾਂ ’ਤੇ ਟੈਰਿਫ ਵਧਾਏ ਜਾਣ ਮਗਰੋਂ ਦੋਵਾਂ ਮੁਲਕਾਂ ਵਿਚਾਲੇ ਰਿਸ਼ਤਿਆਂ ’ਚ ਤਣਾਅ ਬਣਿਆ ਹੋਇਆ ਹੈ। ਟਰੰਪ ਪ੍ਰਸ਼ਾਸਨ ਨੇ ਪਹਿਲਾਂ ਅਗਸਤ 2025 ’ਚ 25 ਫੀਸਦ ਟੈਰਿਫ ਲਾਇਆ ਅਤੇ ਬਾਅਦ ਵਿੱਚ ਰੂਸ ਤੋਂ ਕੱਚਾ ਤੇਲ ਖਰੀਦਣ ਕਾਰਨ 25 ਫੀਸਦ ਵਾਧੂ ਟੈਰਿਫ ਲਗਾਇਆ ਗਿਆ ਸੀ।
ਭਾਰਤ-ਅਮਰੀਕਾ ਮਿਲ ਕੇ ਕੰਮ ਕਰਦੇ ਰਹਿਣਗੇ: ਮੋਦੀ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਫੋਨ ’ਤੇ ਗੱਲਬਾਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ’ਤੇ ਕਿਹਾ, ‘‘ਰਾਸ਼ਟਰਪਤੀ ਟਰੰਪ ਨਾਲ ਗਰਮਜੋਸ਼ੀ ਭਰੀ ਅਤੇ ਉਸਾਰੂ ਗੱਲਬਾਤ ਹੋਈ। ਅਸੀਂ ਦੁਵੱਲੇ ਸਬੰਧਾਂ ਦੀ ਪ੍ਰਗਤੀ ਅਤੇ ਖੇਤਰੀ ਤੇ ਕੌਮਾਂਤਰੀ ਘਟਨਾਕ੍ਰਮ ਬਾਰੇ ਗੱਲਬਾਤ ਕੀਤੀ। ਭਾਰਤ ਅਤੇ ਅਮਰੀਕਾ ਆਲਮੀ ਸ਼ਾਂਤੀ, ਸਥਿਰਤਾ ਤੇ ਖੁਸ਼ਹਾਲੀ ਲਈ ਮਿਲ ਕੇ ਕੰਮ ਕਰਦੇ ਰਹਿਣਗੇ।’’
