ਵਿਕਸਤ ਅਤੇ ਸਵੈ-ਨਿਰਭਰ ਭਾਰਤ ਲਈ ਸਮੂਹਿਕ ਯਤਨਾਂ ਦਾ ਹਿੱਸਾ ਬਣਨ ਲੋਕ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਨਰਾਤਿਆਂ ਦੇ ਪਹਿਲੇ ਦਿਨ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਸ ਵਾਰ ਇਹ ਸ਼ੁਭ ਸਮਾਂ ਖਾਸ ਹੈ ਕਿਉਂਕਿ ਇਹ ‘ਜੀਐਸਟੀ-ਬੱਚਤ ਤਿਉਹਾਰ’ ਦੇ ਨਾਲ-ਨਾਲ ‘ਸਵਦੇਸ਼ੀ’ ਦੇ ਮੰਤਰ ਨੂੰ ਇੱਕ ਨਵੀਂ ਊਰਜਾ ਪ੍ਰਦਾਨ ਕਰੇਗਾ। ਉਨ੍ਹਾਂ ਲੋਕਾਂ ਨੂੰ ਵਿਕਸਤ ਅਤੇ ਸਵੈ-ਨਿਰਭਰ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਸਮੂਹਿਕ ਯਤਨਾਂ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਤਿਉਹਾਰਾਂ ਦੇ ਸਮੇਂ ਦੌਰਾਨ ਲੋਕਾਂ ਦੀ ਚੰਗੀ ਕਿਸਮਤ ਅਤੇ ਸਿਹਤ ਦੀ ਕਾਮਨਾ ਕੀਤੀ।
ਕਾਬਿਲੇਗੌਰ ਹੈ ਕਿ ਬਹੁਤ ਸਾਰੀਆਂ ਵਸਤਾਂ ’ਤੇ ਘਟਾਈਆਂ ਗਈਆਂ ਜੀਐੱਸਟੀ ਦਰਾਂ ਸੋਮਵਾਰ ਤੋਂ ਲਾਗੂ ਹੋਣਗੀਆਂ। ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਰਾਸ਼ਟਰ ਦੇ ਨਾਂ ਆਪਣੇ ਸੰਬੋਧਨ ਵਿਚ ਇਸ ਦੀ ਤੁਲਨਾ ਬੱਚਤ ਤਿਉਹਾਰ ਨਾਲ ਕੀਤੀ ਸੀ। ਲੋਕਾਂ ਨੂੰ ਸਵਦੇਸ਼ੀ ਉਤਪਾਦ ਖਰੀਦਣ ਦੀ ਅਪੀਲ ਕਰਦੇ ਹੋਏ ਉਨ੍ਹਾਂ ਕਿਹਾ ਸੀ ਕਿ ‘ਸਵਦੇਸ਼ੀ’ ਦੇਸ਼ ਦੀ ਖੁਸ਼ਹਾਲੀ ਨੂੰ ਉਸੇ ਤਰ੍ਹਾਂ ਤਾਕਤ ਦੇਵੇਗੀ ਜਿਵੇਂ ਇਸ ਨੇ ਭਾਰਤ ਦੇ ਆਜ਼ਾਦੀ ਅੰਦੋਲਨ ਨੂੰ ਸ਼ਕਤੀ ਦਿੱਤੀ ਸੀ। ਉਨ੍ਹਾਂ ਕਿਹਾ ਸੀ, ‘‘ਸਾਨੂੰ ਹਰ ਘਰ ਨੂੰ ਸਵਦੇਸ਼ੀ ਦਾ ਪ੍ਰਤੀਕ ਬਣਾਉਣਾ ਹੋਵੇਗਾ। ਸਾਨੂੰ ਹਰ ਦੁਕਾਨ ਨੂੰ ਸਵਦੇਸ਼ੀ (ਮਾਲ) ਨਾਲ ਸਜਾਉਣਾ ਹੋਵੇਗਾ।’’
ਇਸ ਦੌਰਾਨ ਉਪ ਰਾਸ਼ਟਰਪਤੀ ਸੀਪੀ ਰਾਧਾਕ੍ਰਿਸ਼ਨਨ ਨੇ ਸੋਮਵਾਰ ਨੂੰ ਲੋਕਾਂ ਨੂੰ ਨਰਾਤਿਆਂ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਪ੍ਰਾਰਥਨਾ ਕੀਤੀ ਕਿ ਦੇਵੀ ਦੁਰਗਾ ਸਾਰਿਆਂ ਨੂੰ ਤਾਕਤ, ਸਦਭਾਵਨਾ ਅਤੇ ਬੁੱਧੀ ਵੱਲ ਸੇਧਿਤ ਕਰੇ। ਨੌਂ ਦਿਨਾਂ ਦਾ ਇਹ ਤਿਉਹਾਰ ਸੋਮਵਾਰ ਨੂੰ ਸ਼ੁਰੂ ਹੋਇਆ। ਰਾਧਾਕ੍ਰਿਸ਼ਨਨ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਨਰਾਤਿਆਂ ਦੇ ਸ਼ੁਭ ਮੌਕੇ ’ਤੇ ਨਿੱਘੀਆਂ ਸ਼ੁਭਕਾਮਨਾਵਾਂ! ਮਾਂ ਦੁਰਗਾ ਸਾਨੂੰ ਤਾਕਤ, ਬੁੱਧੀ ਅਤੇ ਸਦਭਾਵਨਾ ਵੱਲ ਸੇਧਿਤ ਕਰੇ, ਅਤੇ ਹਰ ਘਰ ਨੂੰ ਖੁਸ਼ੀ ਅਤੇ ਤੰਦਰੁਸਤੀ ਨਾਲ ਭਰ ਦੇਵੇ।’’