ਬਿਹਾਰ ਦੇ ਲੋਕ ਪਰਿਵਾਰਵਾਦ ਦਾ ਖਹਿੜਾ ਛੱਡਣ: ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਬਿਹਾਰ ਦੇ ਲੋਕਾਂ ਨੂੰ ਪਰਿਵਾਰਵਾਦ ਦੀ ਰਾਜਨੀਤੀ ਨੂੰ ਖਾਰਜ ਕਰਦੇ ਹੋਏ ਕਾਰਗੁਜ਼ਾਰੀ ਵਾਲੀ ਸਿਆਸਤ ਨੂੰ ਚੁਣਨਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਸੂਬੇ ਵਿੱਚ ਜੰਗਲ ਰਾਜ ਦੀ ਵਾਪਸੀ ਨਾ ਹੋਵੇ। ਉਨ੍ਹਾਂ ਪਟਨਾ ਦੇ ਗਿਆਨ ਭਵਨ ’ਚ ਬੁੱਧੀਜੀਵੀਆਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਇਹ ਦਾਅਵਾ ਵੀ ਕੀਤਾ ਕਿ ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ ਵਰਗੀਆਂ ਪਾਰਟੀਆਂ ਪਰਿਵਾਰਵਾਦ ਨੂੰ ਹੱਲਾਸ਼ੇਰੀ ਦਿੰਦੀਆਂ ਹਨ; ਕੌਮੀ ਜਮਹੂਰੀ ਗੱਠਜੋੜ ਸੁਸ਼ਾਸਨ ਤੇ ਵਿਕਾਸ ਦੀ ਰਾਜਨੀਤੀ ਦਾ ਪ੍ਰਤੀਕ ਹੈ। ਇਸੇ ਦੌਰਾਨ ਸ਼ਾਹ ਤੇ ਬਿਹਾਰ ਵਿੱਚ ਭਾਜਪਾ ਦੇ ਚੋਣ ਇੰਚਾਰਜ ਧਰਮਿੰਦਰ ਪ੍ਰਧਾਨ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਉਨ੍ਹਾਂ ਦੀ ਪਟਨਾ ਸਥਿਤ ਸਰਕਾਰੀ ਰਿਹਾਇਸ਼ ਵਿਖੇ ਮੁਲਾਕਾਤ ਕੀਤੀ।
ਇਸੇ ਦੌਰਾਨ ਸਾਰਨ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੈਂਗਸਟਰ ਤੋਂ ਸਿਆਸਤਦਾਨ ਬਣੇ ਮਰਹੂਮ ਮੁਹੰਮਦ ਸ਼ਹਾਬੂਦੀਨ ਦੇ ਪੁੱਤਰ ਉਸਾਮਾ ਸ਼ਾਹਾਬ ਨੂੰ ਬਿਹਾਰ ਚੋਣਾਂ ਵਿੱਚ ਟਿਕਟ ਦੇਣ ਲਈ ਅੱਜ ਵਿਰੋਧੀ ਪਾਰਟੀ ਰਾਸ਼ਟਰੀ ਜਨਤਾ ਦਲ (ਆਰ ਜੇ ਡੀ) ’ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਸਵਾਲ ਕੀਤਾ ਕਿ ਜੇ ਉਹ ਅਜਿਹੇ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਦੀ ਹੈ ਤਾਂ ਉਹ ਬਿਹਾਰ ਦੇ ਲੋਕਾਂ ਦੀ ਸੁਰੱਖਿਆ ਕਿਵੇਂ ਯਕੀਨੀ ਬਣਾ ਸਕਦੀ ਹੈ? ਉਨ੍ਹਾਂ ਦਾਅਵਾ ਕੀਤਾ ਕਿ ਕੌਮੀ ਜਮਹੂਰੀ ਗੱਠਜੋੜ 20 ਸਾਲਾਂ ਵਿੱਚ ਸਭ ਤੋਂ ਵੱਡੇ ਬਹੁਮਤ ਨਾਲ ਸੂਬੇ ਵਿੱਚ ਸੱਤਾ ’ਚ ਵਾਪਸੀ ਕਰੇਗਾ।