ਆਰਜੇਡੀ ਤੇ ਕਾਂਗਰਸ ਘੁਸਪੈਠੀਆਂ ਪ੍ਰਤੀ ਨਰਮ, ਵੋਟ ਬੈਂਕ ਕਰਕੇ ਭਗਵਾਨ ਰਾਮ ਨੂੰ ‘ਨਾਪਸੰਦ’ ਕਰਦੇ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਬਿਹਾਰ ਵਿੱਚ ਵਿਰੋਧੀ ਆਰਜੇਡੀ-ਕਾਂਗਰਸ ਗੱਠਜੋੜ ’ਤੇ ਘੁਸਪੈਠੀਆਂ ਪ੍ਰਤੀ ਨਰਮ ਰੁਖ਼ ਰੱਖਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਇਹੀ ਲੋਕ ਵੋਟ ਬੈਂਕ ਦੀ ਸਿਆਸਤ ਕਾਰਨ ਭਗਵਾਨ ਰਾਮ ਅਤੇ ‘ਛਠੀ ਮਈਆ’ ਨੂੰ ਨਾਪਸੰਦ ਕਰਦੇ ਹਨ।
ਅਰਰੀਆ ਜ਼ਿਲ੍ਹੇ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਇਹ ਵੀ ਦੋਸ਼ ਲਗਾਇਆ ਕਿ ਵਿਰੋਧੀ ਆਗੂਆਂ ਵੱਲੋਂ ਨਿਸ਼ਾਦ ਰਾਜ, ਮਾਤਾ ਸ਼ਬਰੀ ਅਤੇ ਮਹਾਰਿਸ਼ੀ ਵਾਲਮੀਕਿ ਨੂੰ ਸਮਰਪਿਤ ਧਾਰਮਿਕ ਸਥਾਨਾਂ ਦੇ ‘ਦਰਸ਼ਨ’ ਕਰਨ ਲਈ ਅਯੁੱਧਿਆ ਜਾਣ ਦੀ ਝਿਜਕ ਦਲਿਤਾਂ ਅਤੇ ਪੱਛੜੇ ਵਰਗਾਂ ਪ੍ਰਤੀ ਉਨ੍ਹਾਂ ਦੀ ‘ਨਫ਼ਰਤ’ ਦਾ ਸੰਕੇਤ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬਿਹਾਰ ਅੱਜ ਵਿਕਾਸ ਲਈ ਵੋਟਿੰਗ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਹਾਰ ਦੇ ਲੋਕਾਂ ਨੂੰ ‘ਜੰਗਲਰਾਜ’ ਤੋਂ ਮੁਕਤੀ ਪਾਉਣ ਦਾ ਜਿਹੜਾ ਫੈਸਲਾ ਕੀਤਾ ਸੀ, ਉਸ ਨੂੰ ਮੁੜ ਤੋਂ ਕਾਇਮ ਰੱਖਣ ਦਾ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਅਰਰੀਆ ਵਿਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀ ਮੋਦੀ ਨੇ ਕਿਹਾ, ‘‘ਅੱਜ ਬਿਹਾਰ ਦੇ ਹੋਰਨਾਂ ਹਿੱਸਿਆਂ ਵਿਚ ਵੋਟਿੰਗ ਹੋ ਰਹੀ ਹੈ। ਲੋਕ ਵੱਡੀ ਗਿਣਤੀ ਵਿਚ ਪੋਲਿੰਗ ਕੇਂਦਰਾਂ ’ਤੇ ਪਹੁੰਚ ਰਹੇ ਹਨ। ਨੌਜਵਾਨ ਵੀ ਵੱਡੀ ਗਿਣਤੀ ਵਿਚ ਵੋਟਾਂ ਪਾ ਰਹੇ ਹਨ। ਇਹ ਜਨ ਸੈਲਾਬ ਦੱਸ ਰਿਹਾ ਹੈ ਕਿ ਬਿਹਾਰ ਦੀਆਂ ਅਸੈਂਬਲੀ ਚੋਣਾਂ ਦਾ ਨਤੀਜਾ ਕੀ ਰਹਿਣ ਵਾਲਾ ਹੈ।’’ ਉਨ੍ਹਾਂ ਕਿਹਾ, ‘‘ਇਕ ਵਾਰ ਮੁੜ ਕੌਮੀ ਜਮਹੂਰੀ ਗੱਠਜੋੜ ਦੀ ਸਰਕਾਰ...ਮੁੜ ਇਕ ਵਾਰ ਸੁਸ਼ਾਸਨ ਦੀ ਸਰਕਾਰ। ਇਹ ਮੋਦੀ ਦੀ ਗਾਰੰਟੀ ਹੈ। ਤੁਹਾਡੇ ਸੁਪਨੇ ਹੀ ਮੋਦੀ ਦਾ ਸੰਕਲਪ ਹੈ।’’ ਰਾਜ ਵਿਚ ਪਿਛਲੇ ਰਾਸ਼ਟਰੀ ਜਨਤਾ ਦਲ (RJD) ਸ਼ਾਸਨ ਦੀ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਜੰਗਲਰਾਜ’ ਦੌਰਾਨ ਬਿਹਾਰ ਦਾ ਵਿਕਾਸ ਪੂਰੀ ਤਰ੍ਹਾਂ ਠੱਪ ਸੀ।
ਉਨ੍ਹਾਂ ਕਿਹਾ, ‘ਜੰਗਲਰਾਜ ਦਾ ਮਤਲਬ ਕਟੂਤਾ, ਕਰੂਰਤਾ, ਕੁਸ਼ਾਸਨ ਤੇ ਕਰੱਪਸ਼ਨ ਹੈ। ਉਸ ਦੌਰ ਵਿਚ ਬਿਹਾਰ ਦਾ ਵਿਕਾਸ ਰਿਪੋਰਟ ਕਾਰਡ ਸਿਫਰ ਸੀ। ਕਿੰਨੇ ਐਕਸਪ੍ਰੈੱਸਵੇਅ ਬਣੇ, ਕੋਸੀ ਨਦੀ ’ਤੇ ਕਿੰਨੇ ਪੁਲ ਬਣੇ, ਕਿੰਨੇ ਖੇਡ ਕੰਪਲੈਕਸ ਬਣੇ, ਕਿੰਨੇ ਮੈਡੀਕਲ ਕਾਲਜ ਖੁੱਲ੍ਹੇ? ਸਾਰਿਆਂ ਦਾ ਜਵਾਬ ਹੈ ਸਿਫ਼ਰ। ਨਾ ਕੋਈ ਆਈਟੀਆਈ ਤੇ ਨਾ ਕੋਈ ਆਈਆਈਐੱਮ। ਮੋਦੀ ਨੇ ਕਿਹਾ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਬਿਹਾਰ ਨੂੰ ‘ਜੰਗਲਰਾਜ’ ਤੋਂ ਕੱਢ ਕੇ ਵਿਕਾਸ ਦੇ ਰਾਹ ’ਤੇ ਤੋਰਿਆ।
ਉਨ੍ਹਾਂ ਕਿਹਾ, ‘‘ਪਟਨਾ ਵਿੱਚ ਆਈਆਈਟੀ ਅਤੇ ਏਮਜ਼ ਦੀ ਸਥਾਪਨਾ ਕੀਤੀ ਗਈ, ਦਰਭੰਗਾ ਵਿੱਚ ਦੂਜਾ ਏਮਜ਼ ਬਣਾਇਆ ਜਾ ਰਿਹਾ ਹੈ, ਚਾਰ ਕੇਂਦਰੀ ਯੂਨੀਵਰਸਿਟੀਆਂ ਹਨ - ਇਹ ਸਭ ਐਨਡੀਏ ਸਰਕਾਰ ਦੌਰਾਨ, ਡਬਲ ਇੰਜਣ ਸਰਕਾਰ ਦੌਰਾਨ ਹੋਇਆ ਹੈ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਸੀਮਾਂਚਲ ਖੇਤਰ ਵਿੱਚ ਵੱਡੇ ਪੱਧਰ ’ਤੇ ਬੁਨਿਆਦੀ ਢਾਂਚਾ ਵਿਕਸਤ ਕੀਤਾ ਜਾ ਰਿਹਾ ਹੈ ਅਤੇ "ਸਿਰਫ਼ ਐਨਡੀਏ ਹੀ ਬਿਹਾਰ ਵਿੱਚ ਵਿਕਾਸ ਲਿਆ ਸਕਦਾ ਹੈ"।
