ਜੀ ਐੱਸ ਟੀ ਦਰਾਂ ’ਚ ਕਟੌਤੀ ਦਾ ਲਾਭ ਲੋਕਾਂ ਨੂੰ ਨਹੀਂ ਮਿਲ ਰਿਹਾ: ਜੈਰਾਮ ਰਮੇਸ਼
ਕਾਂਗਰਸ ਨੇ ਅੱਜ ਇੱਕ ਮੀਡੀਆ ਰਿਪੋਰਟ ਦਾ ਹਵਾਲਾ ਦਿੱਤਾ ਜਿਸ ’ਚ ਦਾਅਵਾ ਕੀਤਾ ਗਿਆ ਸੀ ਕਿ ਜੀ ਐੱਸ ਟੀ ਦਰਾਂ ’ਚ ਕਟੌਤੀ ਤੋਂ ਪਹਿਲਾਂ ਵੱਡੀਆਂ ਕੰਪਨੀਆਂ ਨੇ ਕਈ ਉਤਪਾਦਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਸਨ। ਕਾਂਗਰਸ ਨੇ ਸਵਾਲ ਕੀਤਾ ਕਿ ਜੇ ਕਟੌਤੀ ਦਾ ਲਾਭ ਆਮ ਲੋਕਾਂ ਤੱਕ ਨਹੀਂ ਪਹੁੰਚ ਰਿਹਾ ਤਾਂ ਇਸ ਦਾ ਕੀ ਮਤਲਬ ਹੈ।
ਕਾਂਗਰਸ ਦੇ ਜਨਰਲ ਸਕੱਤਰ ਤੇ ਸੰਚਾਰ ਇੰਚਾਰਜ ਜੈਰਾਮ ਰਮੇਸ਼ ਨੇ ਐਕਸ ’ਤੇ ਇੱਕ ਮੀਡੀਆ ਰਿਪੋਰਟ ਸਾਂਝੀ ਕੀਤੀ ਜਿਸ ’ਚ ਕਿਹਾ ਗਿਆ ਸੀ ਕਿ ਕੇਂਦਰ ਨੇ 22 ਸਤੰਬਰ ਨੂੰ ਖੁਰਾਕੀ ਵਸਤਾਂ ’ਤੇ ਜੀ ਐੱਸ ਟੀ ਦਰ 12 ਫੀਸਦ ਤੋਂ ਘਟਾ ਕੇ 5 ਫੀਸਦ ਕਰ ਦਿੱਤੀ ਹੈ ਅਤੇ ਖਪਤਕਾਰਾਂ ਨੂੰ ਇਸ ਦਾ ਸਿੱਧਾ ਲਾਭ ਮਿਲਣਾ ਚਾਹੀਦਾ ਸੀ ਪਰ ਹਕੀਕਤ ਇਸ ਤੋਂ ਬਿਲਕੁਲ ਵੱਖਰੀ ਹੈ। ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਜਿਵੇਂ ਹੀ ਵੱਡੀਆਂ ਕੰਪਨੀਆਂ ਨੂੰ ਟੈਕਸ ਕਟੌਤੀ ਦਾ ਪਤਾ ਲੱਗਾ, ਉਨ੍ਹਾਂ ਆਪਣੇ ਉਤਪਾਦਾਂ ਦੀਆਂ ਕੀਮਤਾਂ ’ਚ 10 ਫੀਸਦ ਤੱਕ ਵਾਧਾ ਕਰ ਦਿੱਤਾ ਜਿਸ ਨਾਲ ਆਮ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲੀ। ਐਕਸ ’ਤੇ ਆਪਣੀ ਪੋਸਟ ’ਚ ਰਮੇਸ਼ ਨੇ ਕਿਹਾ ਕਿ ਇਹ ‘ਬੱਚਤ ਉਤਸਵ’ ਨਹੀਂ ਬਲਕਿ ‘ਚਪਤ (ਲੁੱਟ) ਉਤਸਵ’ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੀ ਐੱਸ ਟੀ ਸੁਧਾਰ ਦੀ ਥਾਂ ‘ਪ੍ਰਧਾਨ ਮੰਤਰੀ ਦਾ ਪ੍ਰਚਾਰ’ ਕੀਤਾ ਜਾ ਰਿਹਾ ਹੈ।