ਭਾਰਤ-ਚੀਨ ਦੀਆਂ ਸਰਹੱਦਾਂ ’ਤੇ ਸ਼ਾਂਤੀ ਤੇ ਸਥਿਰਤਾ ਬਰਕਰਾਰ: ਡੋਵਾਲ
ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਵਾਲ ਨੇ ਅੱਜ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨਾਲ ਸਰਹੱਦਾਂ ਦੇ ਮੁੱਦੇ ’ਤੇ ਗੱਲਬਾਤ ਦੌਰਾਨ ਕਿਹਾ ਕਿ ਪਿਛਲੇ ਨੌਂ ਮਹੀਨਿਆਂ ਤੋਂ ਭਾਰਤ-ਚੀਨ ਸਬੰਧਾਂ ਵਿੱਚ ਕਾਫੀ ਸੁਧਾਰ ਦੇਖਣ ਨੂੰ ਮਿਲਿਆ ਹੈ, ਕਿਉਂਕਿ ਅਸਲ ਕੰਟਰੋਲ ਰੇਖਾ ’ਤੇ ਸ਼ਾਂਤੀ ਬਣੀ ਹੋਈ ਹੈ। ਡੋਵਾਲ ਅਤੇ ਵਾਂਗ ਨੇ ਵਿਸ਼ੇਸ਼ ਪ੍ਰਤੀਨਿਧਾਂ (ਐੱਸਆਰ) ਦੀ ਗੱਲਬਾਤ ਤਹਿਤ ਚਰਚਾ ਕੀਤੀ ਜੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਸਿਖ਼ਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਚੀਨ ਦੌਰੇ ਤੋਂ ਪਹਿਲਾਂ ਹੋਈ ਹੈ। ਟੈਲੀਵਿਜ਼ਨ ’ਤੇ ਪ੍ਰਸਾਰਿਤ ਆਪਣੀਆਂ ਸ਼ੁਰੂਆਤੀ ਟਿੱਪਣੀਆਂ ਵਿੱਚ ਐੱਨਐੱਸਏ ਨੇ ਵਿਸ਼ੇਸ਼ ਪ੍ਰਤੀਨਿਧ ਗੱਲਬਾਤ ਦੇ ਪਿਛਲੇ ਗੇੜ ਤਹਿਤ ਦਸੰਬਰ ਵਿੱਚ ਕੀਤੇ ਪੇਈਚਿੰਗ ਦੇ ਆਪਣੇ ਦੌਰੇ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਸ ਸਮੇਂ ਤੋਂ ਦੋਹਾਂ ਧਿਰਾਂ ਵਿਚਾਲੇ ਸਬੰਧਾਂ ਵਿੱਚ ਕਾਫੀ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ, ‘‘ਉਦੋਂ ਤੋਂ ਸਰਹੱਦਾਂ ਸ਼ਾਂਤ ਹਨ, ਸ਼ਾਂਤੀ ਤੇ ਸਥਿਰਤਾ ਬਰਕਰਾਰ ਹੈ ਅਤੇ ਸਾਡੇ ਦੁਵੱਲੇ ਸਬੰਧ ਜ਼ਿਆਦਾ ਮਹੱਤਵਪੂਰਨ ਹੋ ਗਏ ਹਨ।’’
ਡੋਵਾਲ ਨੇ ਰਸਮੀ ਤੌਰ ’ਤੇ ਇਹ ਐਲਾਨ ਵੀ ਕੀਤਾ ਕਿ ਮੋਦੀ 31 ਅਗਸਤ ਅਤੇ ਪਹਿਲੀ ਸਤੰਬਰ ਨੂੰ ਚੀਨੀ ਸ਼ਹਿਰ ਤਿਆਨਜਿਨ ਵਿੱਚ ਹੋਣ ਵਾਲੇ ਐੱਸਸੀਓ ਸਿਖ਼ਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਚੀਨ ਦਾ ਦੌਰਾ ਕਰਨਗੇ। ਉਨ੍ਹਾਂ ਕਿਹਾ ਕਿ ਇਸ ਯਾਤਰਾ ਦੇ ਮੱਦੇਨਜ਼ਰ ਵਿਸ਼ੇਸ਼ ਪ੍ਰਤੀਨਿਧਾਂ ਦੀ ਗੱਲਬਾਤ ਦੀ ਖ਼ਾਸ ਮਹੱਤਤਾ ਹੈ।
ਕੌਮੀ ਸੁਰੱਖਿਆ ਸਲਾਹਕਾਰ ਨੇ ਰੂਸ ਦੇ ਸ਼ਹਿਰ ਕਜ਼ਾਨ ਵਿੱਚ ਪਿਛਲੇ ਸਾਲ ਅਕਤੂਬਰ ’ਚ ਇੱਕ ਬਹੁਪੱਖੀ ਸਮਾਗਮ ਤੋਂ ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਹੋਈ ਗੱਲਬਾਤ ਦਾ ਜ਼ਿਕਰ ਵੀ ਕੀਤਾ। ਨਾਲ ਹੀ ਇਹ ਵੀ ਕਿਹਾ ਕਿ ਉਦੋਂ ਤੋਂ ਦੋਹਾਂ ਧਿਰਾਂ ਨੂੰ ਕਾਫੀ ਲਾਭ ਹੋਇਆ ਹੈ। ਡੋਵਾਲ ਨੇ ਕਿਹਾ, ‘‘ਜੋ ਨਵਾਂ ਮਾਹੌਲ ਬਣਿਆ ਹੈ ਉਸ ਨੇ ਸਾਨੂੰ ਉਨ੍ਹਾਂ ਵੱਖ-ਵੱਖ ਖੇਤਰਾਂ ਵਿੱਚ ਅੱਗੇ ਵਧਣ ਵਿੱਚ ਮਦਦ ਕੀਤੀ ਹੈ, ਜਿਨ੍ਹਾਂ ’ਤੇ ਅਸੀਂ ਕੰਮ ਕਰ ਰਹੇ ਸੀ।’’ ਮੋਦੀ-ਸ਼ੀ ਦੀ ਇਹ ਮੁਲਾਕਾਤ ਭਾਰਤ ਅਤੇ ਚੀਨ ਵੱਲੋਂ ਪੂਰਬੀ ਲੱਦਾਖ ਦੇ ਤਣਾਅ ਵਾਲੇ ਬਾਕੀ ਦੋ ਖੇਤਰਾਂ ਦੇਪਸਾਂਗ ਅਤੇ ਡੈਮਚੋਕ ਲਈ ਇਕ ਸਮਝੌਤੇ ਨੂੰ ਅੰਤਿਮ ਰੂਪ ਦੇਣ ਤੋਂ ਦੋ ਦਿਨਾਂ ਬਾਅਦ ਹੋਈ ਸੀ। ਦੋਹਾਂ ਆਗੂਆਂ ਨੇ ਦੁਵੱਲੇ ਸਬੰਧਾਂ ਨੂੰ ਦਰੁਸਤ ਕਰਨ ਲਈ ਵਿਸ਼ੇਸ਼ ਪ੍ਰਤੀਨਿਧਾਂ ਵਿਚਾਲੇ ਗੱਲਬਾਤ ਸਣੇ ਕਈ ਤੰਤਰਾਂ ਨੂੰ ਸੁਰਜੀਤ ਕਰਨ ਦਾ ਫ਼ੈਸਲਾ ਲਿਆ ਸੀ।
ਸਰਹੱਦਾਂ ’ਤੇ ਰਣਨੀਤਕ ਸੰਚਾਰ ਰਾਹੀਂ ਆਪਸੀ ਵਿਸ਼ਵਾਸ ਵਧਾਉਣਾ ਚਾਹੀਦਾ ਹੈ: ਵਾਂਗ
ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਦੋਹਾਂ ਧਿਰਾਂ ਨੂੰ ਸਰਹੱਦਾਂ ’ਤੇ ਰਣਨੀਤਕ ਸੰਚਾਰ ਰਾਹੀਂ ਆਪਸੀ ਵਿਸ਼ਵਾਸ ਵਧਾਉਣਾ ਚਾਹੀਦਾ ਹੈ, ਆਦਾਨ-ਪ੍ਰਦਾਨ ਅਤੇ ਸਹਿਯੋਗ ਰਾਹੀਂ ਸਾਂਝੇ ਹਿੱਤਾਂ ਦਾ ਵਿਸਤਾਰ ਕਰਨਾ ਚਾਹੀਦਾ ਹੈ ਅਤੇ ਖਾਸ ਮੁੱਦਿਆਂ ਦਾ ਸਹੀ ਢੰਗ ਨਾਲ ਨਿਬੇੜਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਅਸੀਂ ਸਰਹੱਦਾਂ ’ਤੇ ਬਹਾਲ ਹੋਈ ਸਥਿਰਤਾ ਨੂੰ ਦੇਖ ਕੇ ਉਤਸ਼ਾਹਿਤ ਹਾਂ। ਹੁਣ ਦੁਵੱਲੇ ਸਬੰਧਾਂ ਵਿੱਚ ਸੁਧਾਰ ਅਤੇ ਵਾਧੇ ਦਾ ਇੱਕ ਮਹੱਤਵਪੂਰਨ ਮੌਕਾ ਹੈ। ਚੀਨੀ ਪੱਖ ਸਾਡੇ ਸੱਦੇ ’ਤੇ ਐੱਸਸੀਓ ਸੰਮੇਲਨ ਵਿੱਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਦੇ ਚੀਨ ਦੌਰੇ ਨੂੰ ਬਹੁਤ ਮਹੱਤਵ ਦਿੰਦਾ ਹੈ।’’