ਢਿੱਗਾਂ ਡਿੱਗਣ ਨਾਲ ਪਠਾਨਕੋਟ-ਮੰਡੀ ਕੌਮੀ ਸ਼ਾਹਰਾਹ ਬੰਦ
ਢਿੱਗਾਂ ਖਿਸਕਣ ਕਰਕੇ ਹਾਈਵੇਅ ਦੇ ਦੋਵੇਂ ਪਾਸੀਂ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਹਨ। ਕਾਂਗੜਾ ਤੋਂ ਪਠਾਨਕੋਟ ਜਾਣ ਵਾਲੇ ਵਾਹਨਾਂ ਨੂੰ ਸਨੋਰਾ ਚੌਕ ਤੋਂ 32 ਮੀਲ ਖੇਤਰ ਵੱਲ ਮੋੜਿਆ ਜਾ ਰਿਹਾ ਸੀ। ਚੰਬਾ ਤੋਂ ਪਠਾਨਕੋਟ ਜਾਣ ਵਾਲੇ ਵਾਹਨਾਂ ਨੂੰ ਦਰਮਣ-ਸਨੋਰਾ ਚੌਕ-ਲਾਂਜ-32 ਮੀਲ ਖੇਤਰਾਂ ਰਾਹੀਂ ਮੋੜਿਆ ਜਾ ਰਿਹਾ ਸੀ। ਪਠਾਨਕੋਟ ਤੋਂ ਕਾਂਗੜਾ ਅਤੇ ਧਰਮਸ਼ਾਲਾ ਵੱਲ ਆਉਣ ਵਾਲੇ ਵਾਹਨਾਂ ਲਈ, ਦੋ ਵੱਖ-ਵੱਖ ਬਦਲਵੇਂ ਰੂਟ ਬਣਾਏ ਗਏ ਸਨ - ਕੁਝ ਨੂੰ 32 ਮੀਲ-ਰਾਨੀਤਾਲ ਰਾਹੀਂ ਅਤੇ ਕੁਝ ਨੂੰ 32 ਮੀਲ-ਲਾਂਜ-ਸਨੋਰਾ ਖੇਤਰਾਂ ਰਾਹੀਂ ਭੇਜਿਆ ਜਾ ਰਿਹਾ ਸੀ।
NHAI ਦੇ ਅਧਿਕਾਰੀਆਂ ਨੇ ਕਿਹਾ ਕਿ ਮਲਬਾ ਹਟਾਉਣ ਦਾ ਕੰਮ ਲਗਾਤਾਰ ਜਾਰੀ ਹੈ, ਪਰ ਮਲਬਾ ਜ਼ਿਆਦਾ ਹੋਣ ਕਰਕੇ ਆਵਾਜਾਈ ਬਹਾਲ ਕਰਨ ਵਿਚ ਸਮਾਂ ਲੱਗ ਸਕਦਾ ਹੈ। ਯਾਤਰੀਆਂ ਨੂੰ ਬਦਲਵੇਂ ਰੂਟਾਂ ਦੀ ਪਾਲਣਾ ਕਰਨ ਅਤੇ ਦੇਰੀ ਦੌਰਾਨ ਸਬਰ ਰੱਖਣ ਦੀ ਸਲਾਹ ਦਿੱਤੀ ਗਈ ਹੈ। ਕਾਂਗੜਾ ਦੇ ਡਿਪਟੀ ਕਮਿਸ਼ਨਰ ਹੇਮ ਰਾਜ ਬੈਰਵਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਤੱਕ ਬਹੁਤ ਜ਼ਰੂਰੀ ਨਾ ਹੋਵੇ, ਪ੍ਰਭਾਵਿਤ ਰਸਤਿਆਂ ’ਤੇ ਯਾਤਰਾ ਕਰਨ ਤੋਂ ਬਚਣ। ਇਸ ਦੌਰਾਨ ਪੁਲੀਸ ਅਤੇ ਆਫ਼ਤ ਪ੍ਰਬੰਧਨ ਟੀਮਾਂ ਹਾਲਾਤ ਦੀ ਲਗਾਤਾਰ ਨਿਗਰਾਨੀ ਕਰ ਰਹੀਆਂ ਹਨ ਅਤੇ ਆਮ ਆਵਾਜਾਈ ਨੂੰ ਬਹਾਲ ਕਰਨ ਲਈ ਯਤਨ ਕੀਤੇ ਜਾ ਰਹੇ ਹਨ।