ਪਠਾਨਕੋਟ ਦੇ ਡਾਕਟਰ ਨੂੰ ਪੁੱਛ-ਪੜਤਾਲ ਮਗਰੋਂ ਛੱਡਿਆ
ਦਿੱਲੀ ਧਮਾਕੇ ਦੇ ਮੁੱਖ ਮੁਲਜ਼ਮ ਡਾ. ਉਮਰ ਨਬੀ ਦੇ ਸੰਪਰਕ ਵਿੱਚ ਰਹਿਣ ਵਾਲੇ ਡਾ. ਰਈਸ ਅਹਿਮਦ ਭੱਟ ਤੋਂ ਪੁੱਛ-ਪੜਤਾਲ ਮਗਰੋਂ ਜਾਂਚ ਏਜੰਸੀਆਂ ਨੇ ਉਸ ਅੱਜ ਛੱਡ ਦਿੱਤਾ। ਪਠਾਨਕੋਟ ਦੇ ਵ੍ਹਾਈਟ ਮੈਡੀਕਲ ਕਾਲਜ ਐਂਡ ਹਸਪਤਾਲ ਬਧਾਨੀ ਦੇ ਡਾ. ਭੱਟ (ਐੱਮ ਬੀ ਬੀ ਐੱਸ, ਐੱਮ ਐੱਸ, ਐੱਫ ਐੱਮ ਜੀ ਅਤੇ ਸਰਜਰੀ ਦੇ ਪ੍ਰੋਫੈਸਰ) ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਥੇ ਆਉਣ ਤੋਂ ਪਹਿਲਾਂ ਉਹ ਦਿੱਲੀ ਦੇ ਹਮਦਰਦ ਨੈਸ਼ਨਲ ਇੰਸਟੀਚਿਊਟ ਵਿੱਚ ਯੂਨਿਟ ਦੇ ਮੁਖੀ ਅਤੇ ਵਾਰਡਰ ਵਜੋਂ ਕੰਮ ਕਰ ਚੁੱਕੇ ਸਨ। ਉਹ ਅਲ ਫਲਾਹ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਉਂਦੇ ਰਹੇ ਸਨ ਅਤੇ 2022 ਵਿੱਚ ਯੂਨੀਵਰਸਿਟੀ ਛੱਡ ਦਿੱਤੀ ਸੀ। ਉਨ੍ਹਾਂ ਖ਼ੁਲਾਸਾ ਕੀਤਾ ਕਿ ਗ੍ਰਿਫ਼ਤਾਰ ਕੀਤੇ ਗਏ ਡਾਕਟਰਾਂ ’ਚੋਂ ਇੱਕ ਐਮਰਜੈਂਸੀ ਵਿਭਾਗ ਵਿੱਚ ਕੰਮ ਕਰਦਾ ਸੀ। ਡਾ. ਭੱਟ ਨੇ ਦਾਅਵਾ ਕੀਤਾ ਕਿ ਮਰੀਜ਼ਾਂ ਦੇ ਆਉਣ-ਜਾਣ ਕਾਰਨ ਉਨ੍ਹਾਂ ਦਾ ਮਸ਼ਕੂਕ ਨਾਲ ਮੇਲ-ਜੋਲ ਹੁੰਦਾ ਰਿਹਾ ਸੀ ਪਰ ਯੂਨੀਵਰਸਿਟੀ ਛੱਡਣ ਤੋਂ ਬਾਅਦ ਉਹ ਉਨ੍ਹਾਂ ਦੇ ਸੰਪਰਕ ’ਚ ਨਹੀਂ ਸਨ। ਉਨ੍ਹਾਂ ਦੱਸਿਆ ਕਿ ਜਦੋਂ ਜਾਂਚ ਏਜੰਸੀਆਂ ਸ਼ੁੱਕਰਵਾਰ ਦੇਰ ਰਾਤ ਉਸ ਨੂੰ ਪੁੱਛ-ਪੜਤਾਲ ਲਈ ਲੈ ਗਈਆਂ ਤਾਂ ਉਨ੍ਹਾਂ ਤੋਂ ਡਾ. ਉਮਰ ਮੁਹੰਮਦ ਬਾਰੇ ਜਾਣਕਾਰੀ ਹਾਸਲ ਕੀਤੀ। ਡਾ. ਭੱਟ ਨੂੰ ਜਾਂਚ ਲਈ ਅੰਬਾਲਾ ਅਤੇ ਦਿੱਲੀ ਵੀ ਲਿਜਾਇਆ ਗਿਆ।
