ਸਿੰਗਾਪੁਰ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ’ਚੋਂ ਯਾਤਰੀਆਂ ਨੂੰ ਦਿੱਲੀ ਹਵਾਈ ਅੱਡੇ ’ਤੇ ਉਤਾਰਿਆ
ਸਿੰਗਾਪੁਰ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਵਿੱਚ 200 ਤੋਂ ਵੱਧ ਯਾਤਰੀਆਂ ਨੂੰ ਦਿੱਲੀ ਹਵਾਈ ਅੱਡੇ ’ਤੇ ਉਦੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਏਅਰ ਕੰਡੀਸ਼ਨਿੰਗ ਸਿਸਟਮ ਖਰਾਬ ਹੋ ਗਿਆ ਅਤੇ ਉਨ੍ਹਾਂ ਨੂੰ ਕਰੀਬ ਦੋ ਘੰਟੇ ਜਹਾਜ਼ ਵਿਚ ਬੈਠਣ ਤੋਂ ਬਾਅਦ ਹੇਠਾਂ ਉਤਾਰਨਾ ਪਿਆ।
ਬੋਇੰਗ 787-9 ਡ੍ਰੀਮਲਾਈਨਰ ਜਹਾਜ਼ AI2380 ਨੇ ਬੁੱਧਵਾਰ ਰਾਤੀਂ ਕਰੀਬ 11 ਵਜੇ ਦਿੱਲੀ ਹਵਾਈ ਅੱਡੇ ਤੋਂ ਉਡਾਣ ਭਰਨੀ ਸੀ, ਪਰ ਇਸ ਵਿੱਚ ਦੇਰੀ ਹੋ ਗਈ। ਜਹਾਜ਼ ਨੇ ਮਗਰੋਂ ਛੇ ਘੰਟੇ ਦੀ ਦੇਰੀ ਨਾਲ ਵੀਰਵਾਰ ਸਵੇਰੇ 5:36 ਵਜੇ ਸਿੰਗਾਪੁਰ ਲਈ ਉਡਾਣ ਭਰੀ।
ਜਹਾਜ਼ ਵਿੱਚ ਮੌਜੂਦ ਪੀਟੀਆਈ ਦੇ ਇੱਕ ਪੱਤਰਕਾਰ ਅਨੁਸਾਰ ਜਹਾਜ਼ ਦਾ ਏਅਰ ਕੰਡੀਸ਼ਨਿੰਗ ਸਿਸਟਮ ਅਤੇ ਬਿਜਲੀ ਸਪਲਾਈ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਕਰੀਬ ਦੋ ਘੰਟੇ ਜਹਾਜ਼ ਵਿੱਚ ਬੈਠਣ ਤੋਂ ਬਾਅਦ, ਸਾਰੇ ਯਾਤਰੀਆਂ ਨੂੰ ਉਤਾਰ ਕੇ ਟਰਮੀਨਲ ਇਮਾਰਤ ਵਿੱਚ ਲਿਜਾਇਆ ਗਿਆ।
ਉਨ੍ਹਾਂ ਕਿਹਾ ਕਿ ਚਾਲਕ ਦਲ ਨੇ 200 ਤੋਂ ਵੱਧ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰਨ ਦੇ ਫੈਸਲੇ ਦਾ ਕੋਈ ਖਾਸ ਕਾਰਨ ਨਹੀਂ ਦੱਸਿਆ। ਏਅਰ ਇੰਡੀਆ ਨੇ ਅਜੇ ਤੱਕ ਇਸ ਬਾਰੇ ਕੋਈ ਬਿਆਨ ਨਹੀਂ ਦਿੱਤਾ ਹੈ। ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੇ ਗਏ ਵੀਡੀਓ ਵਿੱਚ, ਯਾਤਰੀਆਂ ਨੂੰ ਅਖਬਾਰਾਂ ਅਤੇ ਰਸਾਲਿਆਂ ਨਾਲ ਆਪਣੇ ਆਪ ਨੂੰ ਪੱਖਾ ਮਾਰਦੇ ਦੇਖਿਆ ਗਿਆ।