ਕਰਾਚੀ ਦੀ ਥਾਂ ਸਾਊਦੀ ਅਰਬ ਪੁੱਜਾ ਯਾਤਰੀ
ਕਰਾਚੀ, 14 ਜੁਲਾਈ
ਪਾਕਿਸਤਾਨ ਦੀ ਨਿੱਜੀ ਏਅਰਲਾਈਨ ਦੀ ਗਲਤੀ ਕਾਰਨ ਯਾਤਰੀ ਲਾਹੌਰ ਤੋਂ ਕਰਾਚੀ ਪੁੱਜਣ ਦੀ ਥਾਂ ਸਾਊਦੀ ਅਰਬ ਪੁੱਜ ਗਿਆ, ਜਿਸਨੂੰ ਬਾਅਦ ’ਚ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਵਾਪਸ ਪਾਕਿਸਤਾਨ ਭੇਜਿਆ। ਇਹ ਘਟਨਾ 7 ਜੁਲਾਈ ਨੂੰ ਵਾਪਰੀ ਜਦੋਂ ਕਰਾਚੀ ਦੇ ਇਲੈਕਟ੍ਰੀਕਲ ਇੰਜਨੀਅਰ ਮਲਿਕ ਸ਼ਾਹਜ਼ੈਨ ‘ਏਅਰਸਿਆਲ’ ਦੀ ਫਲਾਈਟ ਵਿੱਚ ਲਾਹੌਰ ਤੋਂ ਕਰਾਚੀ ਲਈ ਸਵਾਰ ਹੋਏ।
ਸ੍ਰੀ ਸ਼ਾਹਜ਼ੈਨ ਮੁਤਾਬਕ 7 ਜੁਲਾਈ ਦੀ ਰਾਤ ਨੂੰ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਬੱਚਾ ਬਿਮਾਰ ਹੈ ਤਾਂ ਉਹ ਲਾਹੌਰ ਤੋਂ ਕਰਾਚੀ ਮੁੜ ਰਹੇ ਸਨ। ਉਹ ਏਅਰਪੋਰਟ ਪੁੱਜੇ ਤੇ ਆਪਣਾ ਬੋਰਡਿੰਗ ਪਾਸ ਦਿਖਾਇਆ ਜਿਸ ਮਗਰੋਂ ਉਨ੍ਹਾਂ ਨੂੰ ਲਾਊਂਜ ਤੇ ਰਵਾਨਗੀ ਗੇਟ ਵੱਲ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਨੇ ਠੀਕ ਢੰਗ ਨਾਲ ਜਾਂਚ ਕੀਤੇ ਬਿਨਾਂ ਉਸ ਨੂੰ ਕੌਮਾਂਤਰੀ ਫਲਾਈਟ ਵਿੱਚ ਬਿਠਾ ਦਿੱਤਾ ਤੇ ਇਸਦਾ ਅੰਦਾਜ਼ਾ ਉਨ੍ਹਾਂ ਨੂੰ ਉਸ ਸਮੇਂ ਹੋਇਆ ਜਦੋਂ ਉਹ ਦੋ ਘੰਟੇ ਦੀ ਫਲਾਈਟ ਤੋਂ ਬਾਅਦ ਵੀ ਹੇਠਾਂ ਨਹੀਂ ਉਤਰੇ। ਉਨ੍ਹਾਂ ਦੱਸਿਆ ਕਿ ਜਿੱਥੇ ਉਹ ਜੱਦਾਹ ਪੁੱਜ ਗਏ, ਉੱਥੇ ਉਨ੍ਹਾਂ ਦਾ ਸਾਮਾਨ ਕਰਾਚੀ ਪੁੱਜ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਏਅਰਲਾਈਨ ਸਟਾਫ਼ ਨੇ ਆਪਣੀ ਗਲਤੀ ਮੰਨ ਲਈ ਹੈ ਕਿ ਉਨ੍ਹਾਂ ਉਸ ਨੂੰ ਲਾਹੌਰ ਤੋਂ ਜੱਦਾਹ ਜਾਣ ਵਾਲੀ ਕੌਮਾਂਤਰੀ ਉਡਾਣ ’ਚ ਬਿਠਾ ਦਿੱਤਾ ਸੀ ਜਦਕਿ ਉਨ੍ਹਾਂ ਲਾਹੌਰ ਤੋਂ ਕਰਾਚੀ ਜਾਣਾ ਸੀ। -ਪੀਟੀਆਈ
ਮਾਮਲੇ ਦੀ ਜਾਂਚ ਸ਼ੁਰੂ: ਅਧਿਕਾਰੀ
ਸ਼ਹਿਰੀ ਹਵਾਬਾਜ਼ੀ ਅਥਾਰਿਟੀ ਦੇ ਇੱਕ ਅਧਿਕਾਰੀ ਮੁਤਾਬਕ ਉਹ ਇਸ ਅਸਧਾਰਨ ਘਟਨਾ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ,‘ਗਲਤੀ ਨਾਲ ਕਿਸੇ ਯਾਤਰੀ ਦਾ ਗਲਤ ਫਲਾਈਟ ਵਿੱਚ ਚੜ੍ਹ ਜਾਣਾ ਸੰਭਵ ਹੋ ਸਕਦਾ ਹੈ ਪਰ ਸਾਡੇ ਸਾਹਮਣੇ ਅਜਿਹਾ ਕੋਈ ਮਾਮਲਾ ਨਹੀਂ ਆਇਆ ਜਿੱਥੇ ਕੋਈ ਘਰੇਲੂ ਯਾਤਰੀ ਕਿਸੇ ਕੌਮਾਂਤਰੀ ਫਲਾਈਟ ’ਚ ਚੜ੍ਹ ਗਿਆ ਹੋਵੇ।’