ਕੇਰਲਾ ਵਿਚ ਰਾਸ਼ਟਰਪਤੀ ਮੁਰਮੂ ਦੇ ਹੈਲੀਕਾਪਟਰ ਹੇਠੋਂ ਧਸਿਆ ਹੈਲੀਪੈਡ ਦਾ ਹਿੱਸਾ, ਵੱਡੇ ਹਾਦਸੇ ਤੋਂ ਬਚਾਅ
ਕੇਰਲਾ ਵਿਚ ਅੱਜ ਉਦੋਂ ਇਕ ਵੱਡਾ ਹਾਦਸਾ ਟਲ ਗਿਆ ਜਦੋਂ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਪਥਨਮਥਿੱਟਾ ਜ਼ਿਲ੍ਹੇ ਦੇ ਪ੍ਰਮਦਮ ਸਟੇਡੀਅਮ ਵਿਚ ਉੱਤਰਨ ਤੋਂ ਫੌਰੀ ਮਗਰੋਂ ਹੈਲੀਪੈੱਡ ਦਾ ਹਿੱਸਾ ਧਸ ਗਿਆ। ਮੌਕੇ ’ਤੇ ਮੌਜੂਦ ਪੁਲੀਸ ਤੇ ਫਾਇਰ ਬ੍ਰਿਗੇਡ ਦੇ ਕਰਮੀਆਂ ਨੇ ਫੌਰੀ ਚੌਕਸੀ ਵਰਤਦਿਆਂ ਹੈਲੀਕਾਪਟਰ ਨੂੰ ਧਸਣ ਵਾਲੀ ਥਾਂ ਤੋਂ ਧੱਕਾ ਦੇ ਕੇ ਬਾਹਰ ਕੱਢਿਆ।
ਅਧਿਕਾਰੀਆਂ ਮੁਤਾਬਕ ਇਹ ਘਟਨਾ ਉਦੋਂ ਹੋਈ ਜਦੋਂ ਰਾਸ਼ਟਰਪਤੀ ਦਰੋਪਦੀ ਮੁਰਮੂ ਸ਼ਬਰੀਮਾਲਾ ਵਿਚ ਭਗਵਾਨ ਅਯੱਪਾ ਮੰਦਰ ਦੇ ਦਰਸ਼ਨਾਂ ਲਈ ਜਾ ਰਹੇ ਸਨ। ਹੈਲੀਕਾਪਟਰ ਦੇ ਸੁਰੱਖਿਅਤ ਉਤਰਨ ਤੋਂ ਕੁਝ ਹੀ ਪਲਾਂ ਬਾਅਦ ਹੈਲੀਪੈਡ ਦੇ ਟਾਰਮੈਕ ਦਾ ਇਕ ਹਿੱਸਾ ਧਸ ਗਿਆ, ਜਿਸ ਨਾਲ ਪਿਛਲੇ ਪਹੀਏ ਦਾ ਇਕ ਹਿੱਸਾ ਬੈਠ ਗਿਆ। ਹਾਲਾਂਕਿ ਕੋਈ ਜ਼ਖ਼ਮੀ ਨਹੀਂ ਹੋਇਆ ਤੇ ਰਾਸ਼ਟਰਪਤੀ ਮੁਰਮੂ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਘਟਨਾ ਤੋਂ ਫੌਰੀ ਮਗਰੋਂ ਸੁਰੱਖਿਆ ਏਜੰਸੀਆਂ ਨੇ ਖੇਤਰ ਨੂੰ ਘੇਰ ਲਿਆ ਤੇ ਹੈਲੀਪੈਡ ਦੀ ਤਕਨੀਕੀ ਜਾਂਚ ਸ਼ੁਰੂ ਕਰ ਦਿੱਤੀ। ਸਥਾਨਕ ਪ੍ਰਸ਼ਾਸਨ ਨੇ ਕਿਹਾ ਕਿ ਇਹ ਸ਼ਾਇਦ ਮਿੱਟੀ ਹੇਠਲੀ ਪਰਤ ਕਮਜ਼ੋਰ ਹੋਣ ਕਰਕੇ ਹੋਇਆ। ਇੰਜਨੀਅਰਿੰਗ ਮਾਹਿਰਾਂ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਕਾਬਿਲੇਗੌਰ ਹੈ ਕਿ ਰਾਸ਼ਟਰਪਤੀ ਮੁਰਮੂ ਮੰਗਲਵਾਰ ਸ਼ਾਮ ਨੂੰ ਚਾਰ ਦਿਨਾ ਅਧਿਕਾਰਤ ਦੌਰੇ ਲਈ ਤਿਰੂਵਨੰਤਪੁਰਮ ਪਹੁੰਚੇ ਸਨ। ਬੁੱਧਵਾਰ ਸਵੇਰੇ ਉਹ ਹੈਲੀਕਾਪਟਰ ਤੋਂ ਪਥਨਮਥਿੱਟਾ ਜ਼ਿਲ੍ਹੇ ਦੇ ਪ੍ਰਮਦਮ ਸਟੇਡੀਅਮ ਪਹੁੰਚੇ ਤੇ ਉਥੋਂ ਸੜਕੀ ਰਸਤੇ ਸ਼ਬਰੀਮਾਲਾ ਮੰਦਰ ਲਈ ਰਵਾਨਾ ਹੋਏ। ਤ੍ਰਾਵਣਕੋਰ ਦੇਵਸਵਮ ਬੋਰਡ (ਟੀਡੀਬੀ) ਦੇ ਅਧਿਕਾਰੀਆਂ ਨੇ ਕਿਹਾ ਕਿ ਰਾਸ਼ਟਰਪਤੀ ਦੇ ਸਬਰੀਮਾਲਾ ਮੰਦਰ ਦੇ ਦੌਰੇ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਮੁਰਮੂ ਭਗਵਾਨ ਅਯੱਪਾ ਦੇ ਦਰਸ਼ਨ ਕਰਨ ਲਈ ਰਵਾਇਤੀ ਟ੍ਰੈਕਿੰਗ ਰੂਟ ਰਾਹੀਂ ਸੰਨੀਧਨਮ ਜਾਣਗੇ। ਪੂਰੇ ਖੇਤਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।