ਨੇਪਾਲ ਵਿੱਚ 5 ਮਾਰਚ ਨੂੰ ਹੋਣਗੀਆਂ ਸੰਸਦੀ ਚੋਣਾਂ
ਨੇਪਾਲ ਵਿੱਚ ਅਗਲੀਆਂ ਸੰਸਦੀ ਚੋਣਾਂ ਅਗਲੇ ਸਾਲ 5 ਮਾਰਚ ਨੂੰ ਹੋਣਗੀਆਂ। ਰਾਸ਼ਟਰਪਤੀ ਦਫ਼ਤਰ ਨੇ ਅੱਜ ਐਲਾਨ ਕਰਦਿਆਂ ਇਹ ਜਾਣਕਾਰੀ ਦਿੱਤੀ।
ਹਫ਼ਤਾ ਭਰ ਚੱਲੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਕਾਰਨ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਲੰਘੇ ਦਿਨ ਸੁਸ਼ੀਲਾ ਕਾਰਕੀ (73) ਨੇ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਵਜੋਂ ਅਹੁਦਾ ਹਲਫ਼ ਲਿਆ ਅਤੇ ਅਹੁਦੇ ਦਾ ਕਾਰਜਭਾਰ ਸੰਭਲਿਆ ਹੈ।
ਰਾਸ਼ਟਰਪਤੀ ਪੌਡੇਲ ਨੇ ਅੱਜ ਨਵੇਂ ਨਿਯੁਕਤ ਪ੍ਰਧਾਨ ਮੰਤਰੀ ਦੀ ਸਿਫ਼ਾਰਸ਼ ’ਤੇ ਪ੍ਰਤੀਨਿਧੀ ਸਭਾ ਨੂੰ ਭੰਗ ਕਰਦੇ ਹੋਏ ਕਿਹਾ ਕਿ ਅਗਲੀਆਂ ਸੰਸਦੀ ਚੋਣਾਂ 5 ਮਾਰਚ ਨੂੰ ਹੋਣਗੀਆਂ।
ਜ਼ਿਕਰਯੋਗ ਹੈ ਕਿ ਮੁਲਕ ’ਚ ਸੋਸ਼ਲ ਮੀਡੀਆ ’ਤੇ ਪਾਬੰਦੀ ਲਗਾਉਣ ਅਤੇ ਕੇ ਪੀ ਸ਼ਰਮਾ ਓਲੀ ਦੀ ਅਗਵਾਈ ਹੇਠਲੀ ਸਰਕਾਰ ’ਚ ਵਧ ਰਹੇ ਭ੍ਰਿਸ਼ਟਾਚਾਰ ਤੋਂ ਤੰਗ ਆ ਕੇ ਨੌਜਵਾਨ ਸੋਮਵਾਰ ਨੂੰ ਸੜਕਾਂ ’ਤੇ ਆ ਗਏ ਸਨ ਜਿਸ ਕਾਰਨ ਓਲੀ ਨੂੰ ਅਹੁਦੇ ਤੋਂ ਲਾਂਭੇ ਹੋਣਾ ਪਿਆ ਸੀ।
ਉਧਰ ‘ਜੈੱਨ ਜ਼ੀ’ ਦੇ ਹਿੰਸਕ ਪ੍ਰਦਰਸ਼ਨਾਂ ’ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 51 ਹੋ ਗਈ ਹੈ ਜਿਸ ’ਚ ਇਕ ਭਾਰਤੀ ਅਤੇ ਤਿੰਨ ਪੁਲੀਸ ਕਰਮੀ ਵੀ ਸ਼ਾਮਲ ਹਨ।
ਦੂਜੇ ਪਾਸੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ Narendra Modi ਨੇ ਅੱਜ ਨੇਪਾਲ ਦੀ ਅੰਤਰਿਮ ਪ੍ਰਧਾਨ ਮੰਤਰੀ ਸੁਸ਼ੀਲਾ ਕਾਰਕੀ PM Sushila Karki ਨੂੰ ਅਹੁਦਾ ਸੰਭਾਲਣ ’ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਨਿਯੁਕਤੀ ਨੂੰ ‘ਮਹਿਲਾ ਸ਼ਕਤੀਕਰਨ ਦੀ ਸ਼ਾਨਦਾਰ ਮਿਸਾਲ’ ਕਰਾਰ ਦਿੱਤਾ ਹੈ।