Parliament Session: ਵਿਰੋਧੀ ਧਿਰ ਸਦਨ ਦੀ ਕਾਰਵਾਈ ਚਲਾਉਣ ਲਈ ਤਿਆਰ, ਪਰ ਸੰਵਿਧਾਨ ’ਤੇ ਚਰਚਾ ਹੋਵੇ: ਕਾਂਗਰਸ
ਨਵੀਂ ਦਿੱਲੀ, 2 ਦਸੰਬਰ
Parliament session: ਕਾਂਗਰਸ ਨੇ ਅੱਜ ਕਿਹਾ ਕਿ ਵਿਰੋਧੀ ਧਿਰਾਂ ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਚੱਲਣ ਦੇਣ ਲਈ ਤਿਆਰ ਹਨ, ਪਰ ਇਸ ਲਈ ਜ਼ਰੂਰੀ ਹੈ ਕਿ ਸੰਵਿਧਾਨ ਉੱਤੇ ਚਰਚਾ ਹੋਵੇ, ਜਿਵੇਂ ਕਿ ਸਰਕਾਰ ਨੇ ਖੁ਼ਦ ਵਾਅਦਾ ਕੀਤਾ ਸੀ। ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਦੀ ਬੈਠਕ ਮਗਰੋਂ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਕਿਹਾ ਕਿ ਸਰਕਾਰ ਨੇ ਸੰਵਿਧਾਨ ਉੱਤੇ ਚਰਚਾ ਦਾ ਵਾਅਦਾ ਕੀਤਾ ਤੇ ਹੁਣ ਇਸ ਨੂੰ ਇਹ ਵਾਅਦਾ ਪੁਗਾਉਣਾ ਚਾਹੀਦਾ ਹੈ। ਸੰਸਦੀ ਅਹਾਤੇ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੇਣੂਗੋਪਾਲ ਨੇ ਕਿਹਾ, ‘‘ਅਸੀਂ ਸਦਨ ਚਲਾਉਣ ਲਈ ਤਿਆਰ ਹਾਂ, ਪਰ ਇਸ ਲਈ ਜ਼ਰੂਰੀ ਹੈ ਕਿ ਸੰਵਿਧਾਨ ਉੱਤੇ ਚਰਚਾ ਹੋਵੇ। ਸਰਕਾਰ ਨੇ ਸੰਵਿਧਾਨ ’ਤੇ ਚਰਚਾ ਕਰਵਾਉਣ ਦਾ ਵਾਅਦਾ ਕੀਤਾ ਸੀ।’’
ਰਾਜ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਦੇ ਸੰਸਦ ਭਵਨ ਵਿਚਲੇ ਦਫ਼ਤਰ ਵਿਚ ਵਿਰੋਧੀ ਧਿਰਾਂ ਦੇ ਐੱਮਪੀ’ਜ਼ ਨੇ ਸੰਸਦ ਵਿਚ ਅੱਗੇ ਦੀ ਰਣਨੀਤੀ ਨੂੰ ਲੈ ਕੇ ਚਰਚਾ ਕੀਤੀ। ਇਸ ਬੈਠਕ ਵਿਚ ਖੜਗੇ ਤੋਂ ਇਲਾਵਾ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ, ਡੀਐੱਮਕੇ ਆਗੂ ਟੀਆਰ ਬਾਲੂ, ਆਮ ਆਦਮੀ ਪਾਰਟੀ ਦੇ ਰਾਘਵ ਚੱਢਾ, ਰਾਸ਼ਟਰੀ ਜਨਤਾ ਦਲ ਦੇ ਸੰਜੈ ਯਾਦਵ ਤੇ ਕੁਝ ਹੋਰਨਾਂ ਪਾਰਟੀਆਂ ਦੇ ਆਗੁ ਸ਼ਾਮਲ ਸਨ। -ਪੀਟੀਆਈ