ਕਾਂਗੜਾ ਦੇ ਪਿੰਡ ’ਚ ਪੰਚਾਇਤ ਮੈਂਬਰ ਦਾ ਕਤਲ
ਕਾਂਗੜਾ ਜ਼ਿਲ੍ਹੇ ਦੇ ਚੜੀਆਰ ਇਲਾਕੇ ਵਿੱਚ ਇੱਕ ਡਿਪਟੀ ਪੰਚਾਇਤ ਮੁਖੀ ਦਾ ਕਥਿਤ ਤੌਰ ’ਤੇ ਕਤਲ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਹੈੱਡਕੁਆਰਟਰ ’ਤੇ ਪੁਲੀਸ ਅਧਿਕਾਰੀਆਂ ਨੇ ਅੱਜ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਅਨੁਸਾਰ ਕਾਂਗੜਾ ਜ਼ਿਲ੍ਹੇ ਦੇ ਚੇਕ ਪੰਚਾਇਤ ਦੇ ਡਿਪਟੀ ਮੁਖੀ, ਰਵੀ ਰਾਣਾ (40) ਦੀ ਲਾਸ਼ ਬੀਤੀ ਰਾਤ ਉਸਦੇ ਘਰ ਤੋਂ ਥੋੜ੍ਹੀ ਦੂਰੀ ’ਤੇ ਸੜਕ ਕਿਨਾਰੇ ਪਈ ਮਿਲੀ।
ਪੁਲੀਸ ਨੇ ਦੱਸਿਆ ਕਿ ਮ੍ਰਿਤਕ ਦੇ ਸਿਰ ’ਤੇ ਡੂੰਘੀਆਂ ਸੱਟਾਂ ਸਨ, ਜਿਸ ਤੋਂ ਪਹਿਲੀ ਨਜ਼ਰੇ ਇਹ ਕਤਲ ਦਾ ਮਾਮਲਾ ਜਾਪਦਾ ਹੈ। ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਰਵੀ ਰਾਣਾ ਨੇ ਚੜੀਆਰ ਵਿੱਚ ਆਪਣੇ ਇੱਕ ਦੋਸਤ ਦੇ ਘਰ ਸ਼ਰਾਬ ਪੀਤੀ ਸੀ ਅਤੇ ਜਦੋਂ ਇਹ ਘਟਨਾ ਵਾਪਰੀ ਉਹ ਘਰ ਵਾਪਸ ਆ ਰਿਹਾ ਸੀ।
ਉੱਥੋਂ ਕਾਰ ਵਿੱਚ ਲੰਘ ਰਹੇ ਇੱਕ ਪਿੰਡ ਵਾਸੀ ਨੇ ਇੱਕ ਵਿਅਕਤੀ ਨੂੰ ਸੜਕ ਕਿਨਾਰੇ ਬੇਹੋਸ਼ ਪਿਆ ਦੇਖਿਆ। ਉਸ ਨੇ ਪਛਾਣਿਆ ਕਿ ਉਹ ਰਵੀ ਰਾਣਾ ਸੀ। ਜਦੋਂ ਉਸਨੇ ਰਵੀ ਰਾਣਾ ਦੇ ਮੋਬਾਈਲ ਨੰਬਰ ’ਤੇ ਕਾਲ ਕੀਤੀ, ਤਾਂ ਫੋਨ ਲਾਸ਼ ਦੇ ਨੇੜੇ ਵੱਜਿਆ, ਜਿਸ ਨਾਲ ਉਸਦੀ ਪਛਾਣ ਦੀ ਪੁਸ਼ਟੀ ਹੋਈ।
ਪਿੰਡ ਵਾਸੀ ਨੇ ਤੁਰੰਤ ਪੰਚਾਇਤ ਮੁਖੀ ਅਤੇ ਹੋਰਾਂ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਬੈਜਨਾਥ ਥਾਣੇ ਦੇ ਸਥਾਨਕ ਐਸ.ਐਚ.ਓ. ਯਦੇਸ਼ ਠਾਕੁਰ ਮੌਕੇ ’ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲਿਆ।
ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਜਾਂਚ ਲਈ ਫੋਰੈਂਸਿਕ ਮਾਹਿਰਾਂ ਦੀ ਟੀਮ ਸਮੇਤ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਵੀ ਉਸ ਥਾਂ ਦਾ ਦੌਰਾ ਕੀਤਾ ਜਿੱਥੋਂ ਪੁਲਿਸ ਨੇ ਲਾਸ਼ ਬਰਾਮਦ ਕੀਤੀ ਸੀ। ਪੁਲੀਸ ਨੇ ਇਸ ਘਟਨਾ ਦੇ ਸਬੰਧ ਵਿੱਚ ਕਈ ਪਿੰਡ ਵਾਸੀਆਂ ਤੋਂ ਪੁੱਛਗਿੱਛ ਵੀ ਕੀਤੀ ਹੈ।
