ਅਪਰੇਸ਼ਨ ਸਿੰਧੂਰ ਦੌਰਾਨ ਭਾਰਤੀ ਮਹਿਲਾ ਪਾਇਲਟ ਨੂੰ ਫੜਨ ਦਾ ਪਾਕਿਸਤਾਨੀ ਦਾਅਵਾ ਝੂਠਾ, ਰਾਸ਼ਟਰਪਤੀ ਮੁਰਮੂ ਨਾਲ ਨਜ਼ਰ ਆਈ ਸ਼ਿਵਾਂਗੀ ਸਿੰਘ
ਰਾਸ਼ਟਰਪਤੀ ਦਰੋਪਦੀ ਮੁਰਮੂ ਦੀ ਅੰਬਾਲਾ ਦੇ ਏਅਰ ਫੋਰਸ ਸਟੇਸ਼ਨ ਤੋਂ ਲੜਾਕੂ ਜਹਾਜ਼ ਰਾਫ਼ੇਲ ’ਤੇ ਪਲੇਠੀ ਉਡਾਣ ਮੌਕੇ ਵਾਰਾਨਸੀ ਵਿਚ ਜਨਮੀ ਸਕੁਐਡਰਨ ਲੀਡਰ ਸ਼ਿਵਾਂਗੀ ਸਿੰਘ ਵੀ ਰਾਸ਼ਟਰਪਤੀ ਨਾਲ ਨਜ਼ਰ ਆਈ। ਸ਼ਿਵਾਂਗੀ ਸਿੰਘ ਦੀ ਮੌਜੂਦਗੀ ਨਾਲ ਭਾਰਤ ਨੇ ਪਾਕਿਸਤਾਨੀ ਸੋਸ਼ਲ ਮੀਡੀਆ ਦੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਕਿ ਉਸ ਨੂੰ ਅਪਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨੀ ਫੌਜ ਨੇ ਫੜ ਲਿਆ ਸੀ।
ਇਹ ਵੀ ਪੜ੍ਹੋ: ਰਾਸ਼ਟਰਪਤੀ ਮੁਰਮੂ ਨੇ ਰਾਫੇਲ ਦੀ ਇਤਿਹਾਸਕ ਉਡਾਣ ਭਰੀ
ਸ਼ਿਵਾਂਗੀ ਸਿੰਘ ਰਾਫ਼ੇਲ ਉਡਾਉਣ ਵਾਲੀ ਪਹਿਲੀ ਮਹਿਲਾ ਭਾਰਤੀ ਪਾਇਲਟ ਹੈ। ਭਾਰਤੀ ਅਥਾਰਿਟੀਜ਼ ਨੇ ਪੁਸ਼ਟੀ ਕੀਤੀ ਹੈ ਕਿ ਪਾਕਿਸਤਾਨ ਦਾ ਇਹ ਦਾਅਵਾ ਕਿ ਉਸ ਨੇ ਸਿੰਘ ਦੇ ਲੜਾਕੂ ਜਹਾਜ਼ ਸਣੇ ਛੇ ਭਾਰਤੀ ਜੈੱਟ ਫੁੰਡੇ ਹਨ, ਸਰਾਸਰ ਝੂਠ ਹੈ ਜਦੋਂਕਿ ਸੱਚ ਤਾਂ ਇਹ ਹੈ ਕਿ ਮਈ ਮਹੀਨੇ ਹੋਏ ਟਕਰਾਅ ਦੌਰਾਨ ਪਾਕਿਸਤਾਨ ਦੇ ਆਪਣੇ ਕਈ ਲੜਾਕੂ ਜਹਾਜ਼ ਨੁਕਸਾਨੇ ਗਏ ਸਨ।
ਸੋਸ਼ਲ ਮੀਡੀਆ ’ਤੇ ਸਿੰਘ ਦੇ ‘ਸ਼ੋਕਗ੍ਰਸਤ ਪਰਿਵਾਰ’ ਨਾਲ ਸਬੰਧਤ ਜਿਹੜੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਦਿਖਾਏ ਗਏ, ਉਹ ਅਸਲ ਵਿਚ ਸਾਰਜੈਂਟ ਸੁਰੇਂਦਰ ਕੁਮਾਰ ਦੇ ਪਰਿਵਾਰ ਦੇ ਸਨ। ਪਾਕਿਸਤਾਨ ਦੇ ਸੋਸ਼ਲ ਮੀਡੀਆ ਨੇ ਦਾਅਵਾ ਕੀਤਾ ਸੀ ਕਿ ਅਪਰੇਸ਼ਨ ਸਿੰਧੂਰ ਦੌਰਾਨ ਸਕੁਐਡਰਨ ਲੀਡਰ ਸ਼ਿਵਾਂਗੀ ਸਿੰਘ ਦਾ ਲੜਾਕੂ ਜਾਹਜ਼ ਡੇਗਣ ਮਗਰੋਂ ਉਸ ਨੂੰ ਫੜ ਲਿਆ ਗਿਆ ਸੀ।
ਰਾਸ਼ਟਰਪਤੀ ਦਫ਼ਤਰ ਵੱਲੋਂ ਜਾਰੀ ਤਸਵੀਰਾਂ ਵਿਚ ਸ਼ਿਵਾਂਗੀ ਸਿੰਘ ਰਾਸ਼ਟਰਪਤੀ ਨਾਲ ਖੜ੍ਹੀ ਹੈ ਅਤੇ ਪਿਛੋਕੜ ਵਿੱਚ ਰਾਫੇਲ ਹੈ। ਇਹ ਤਸਵੀਰ ਪਾਕਿਸਤਾਨ ਦੇ ਦਾਅਵਿਆਂ ਨੂੰ ਸਪੱਸ਼ਟ ਤੌਰ ’ਤੇ ਝੁਠਲਾਉਂਦੀ ਹੈ। ਜੰਮੂ ਅਤੇ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਦੇ ਜਵਾਬ ਵਿੱਚ ਮਈ ਵਿੱਚ ਸ਼ੁਰੂ ਕੀਤੇ ਗਏ ਆਪ੍ਰੇਸ਼ਨ ਸਿੰਧੂਰ ਵਿੱਚ ਪਾਕਿਸਤਾਨ ਨੇ ਆਪਣੀ ਫੌਜੀ ਸਫਲਤਾ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਸੀ।
