ਅਤਿਵਾਦ ਨੂੰ ਸ਼ਹਿ ਦੇਣਾ ਬੰਦ ਨਾ ਕੀਤਾ ਤਾਂ ਨਕਸ਼ੇ ਤੋਂ ਮਿਟ ਜਾਵੇਗਾ ਪਾਕਿ: ਜਨਰਲ ਦਿਵੇਦੀ
ਪਾਕਿਸਤਾਨ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਅੱਜ ਕਿਹਾ ਕਿ ਜੇ ਗੁਆਂਢੀ ਮੁਲਕ ਦੁਨੀਆ ਦੇ ਨਕਸ਼ੇ ’ਤੇ ਆਪਣੀ ਥਾਂ ਕਾਇਮ ਰੱਖਣਾ ਚਾਹੁੰਦਾ ਹੈ ਤਾਂ ਉਹ ਆਪਣੀ ਧਰਤੀ ਤੋਂ ਅਤਿਵਾਦ ਨੂੰ ਸ਼ਹਿ ਦੇਣਾ ਬੰਦ ਕਰ ਦੇਵੇ। ਚੀਫ਼ ਆਫ਼ ਆਰਮੀ ਸਟਾਫ਼ ਨੇ ਕਿਹਾ ਕਿ ‘ਅਪਰੇਸ਼ਨ ਸਿੰਧੂਰ’ ਦੌਰਾਨ ਭਾਰਤ ਨੇ ਸੰਜਮ ਦਿਖਾਇਆ ਸੀ ਪਰ ਜੇ ਭਵਿੱਖ ’ਚ ਫ਼ੌਜੀ ਟਕਰਾਅ ਹੋਇਆ ਤਾਂ ਕੋਈ ਨਰਮੀ ਨਹੀਂ ਵਰਤੀ ਜਾਵੇਗੀ। ਉਨ੍ਹਾਂ ਭਾਰਤੀ ਜਵਾਨਾਂ ਨੂੰ ਕਾਰਵਾਈ ਲਈ ਤਿਆਰ ਰਹਿਣ ਲਈ ਕਿਹਾ। ਰਾਜਸਥਾਨ ਦੇ ਸ੍ਰੀਗੰਗਾਨਗਰ ਜ਼ਿਲ੍ਹੇ ਦੇ ਅਨੂਪਗੜ੍ਹ ’ਚ ਜਵਾਨਾਂ ਨੂੰ ਸੰਬੋਧਨ ਕਰਦਿਆਂ ਜਨਰਲ ਦਿਵੇਦੀ ਨੇ ਕਿਹਾ, ‘‘ਭਾਰਤ ਇਸ ਸਮੇਂ ਪੂਰੀ ਤਰ੍ਹਾਂ ਤਿਆਰ ਹੈ। ‘ਅਪਰੇਸ਼ਨ ਸਿੰਧੂਰ’ 1.0 ਦੌਰਾਨ ਦਿਖਾਇਆ ਗਿਆ ਸੰਜਮ ਐਤਕੀਂ ਨਹੀਂ ਦਿਖਾਇਆ ਜਾਵੇਗਾ। ਇਸ ਵਾਰ ਅਸੀਂ ਕਦਮ ਅੱਗੇ ਵਧਾਵਾਂਗੇ ਅਤੇ ਇਸ ਢੰਗ ਨਾਲ ਕਾਰਵਾਈ ਕਰਾਂਗੇ ਕਿ ਪਾਕਿਸਤਾਨ ਨੂੰ ਸੋਚਣ ਲਈ ਮਜਬੂਰ ਹੋਣਾ ਪਵੇਗਾ ਕਿ ਉਹ ਦੁਨੀਆ ਦੇ ਨਕਸ਼ੇ ’ਤੇ ਰਹਿਣਾ ਚਾਹੁੰਦਾ ਹੈ ਜਾਂ ਨਹੀਂ।’’ ਉਨ੍ਹਾਂ ਕਿਹਾ ਕਿ ਜੇ ਪਾਕਿਸਤਾਨ ਦੁਨੀਆ ਦੇ ਨਕਸ਼ੇ ’ਤੇ ਕਾਇਮ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ ਅਤਿਵਾਦ ਨੂੰ ਸ਼ਹਿ ਦੇਣਾ ਬੰਦ ਕਰਨਾ ਪਵੇਗਾ। ਜਨਰਲ ਦਿਵੇਦੀ ਨੇ ਕਿਹਾ ਕਿ ਭਾਰਤ ਨੇ ‘ਅਪਰੇਸ਼ਨ ਸਿੰਧੂਰ’ ਦੌਰਾਨ ਪਾਕਿਸਤਾਨ ’ਚ ਅਤਿਵਾਦੀਆਂ ਦੀਆਂ ਲੁਕਣਗਾਹਾਂ ਦੀ ਮੌਜੂਦੀ ਬਾਰੇ ਦੁਨੀਆ ਨੂੰ ਸਬੂਤ ਦਿੱਤੇ ਸਨ ਅਤੇ ਜੇ ਭਾਰਤ ਨੇ ਅਤਿਵਾਦੀਆਂ ਦੇ ਟਿਕਾਣਿਆਂ ਦਾ ਪਰਦਾਫ਼ਾਸ਼ ਨਾ ਕੀਤਾ ਹੁੰਦਾ ਤਾਂ ਪਾਕਿਸਤਾਨ ਨੇ ਉਨ੍ਹਾਂ ਸਾਰਿਆਂ ਨੂੰ ਲੁਕਾ ਲੈਣਾ ਸੀ। ਥਲ ਸੈਨਾ ਮੁਖੀ ਨੇ ਕਿਹਾ ਕਿ ਭਾਰਤੀ ਫ਼ੌਜ ਨੇ ਪਾਕਿਸਤਾਨ ਅੰਦਰ 9 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ ਜਿਸ ’ਚੋਂ ਸੱਤ ਥਲ ਅਤੇ ਦੋ ਹਵਾਈ ਫ਼ੌਜ ਨੇ ਤਬਾਹ ਕੀਤੇ ਸਨ। ਉਨ੍ਹਾਂ ਕਿਹਾ ਕਿ ਕੌਮਾਂਤਰੀ ਸਰਹੱਦ ’ਤੇ ਵਸੇ ਆਮ ਲੋਕ ਵੀ ਫ਼ੌਜੀ ਹਨ ਅਤੇ ਉਹ ਜੰਗ ’ਚ ਫ਼ੌਜ ਦੇ ਮੋਢੇ ਨਾਲ ਮੋਢਾ ਜੋੜ ਕੇ ਲੜਦੇ ਹਨ।
‘ਅਪਰੇਸ਼ਨ ਸਿੰਧੂਰ’ ਦੌਰਾਨ ਪਾਕਿ ਦੇ 12-13 ਲੜਾਕੂ ਜਹਾਜ਼ ਨੁਕਸਾਨੇ: ਹਵਾਈ ਫ਼ੌਜ ਮੁਖੀ
ਨਵੀਂ ਦਿੱਲੀ: ਭਾਰਤੀ ਹਵਾਈ ਫ਼ੌਜ ਮੁਖੀ ਏ ਪੀ ਸਿੰਘ ਨੇ ਅੱਜ ਕਿਹਾ ਕਿ ਮਈ ਵਿਚ ‘ਅਪਰੇਸ਼ਨ ਸਿੰਧੂਰ’ ਦੌਰਾਨ ਭਾਰਤ ਵੱਲੋਂ ਕੀਤੇ ਗਏ ਹਮਲਿਆਂ ’ਚ ਪਾਕਿਸਤਾਨ ਦੇ ਐੱਫ-16 ਅਤੇ ਜੇ ਐੱਫ-17 ਜੈੱਟਾਂ ਸਮੇਤ ਘੱਟੋ ਘੱਟ 12-13 ਲੜਾਕੂ ਜਹਾਜ਼ ਤਬਾਹ ਜਾਂ ਨੁਕਸਾਨੇ ਗਏ ਸਨ। ਸਾਲਾਨਾ ਏਅਰ ਫੋਰਸ ਦਿਵਸ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਵਾਈ ਫ਼ੌਜ ਮੁਖੀ ਨੇ ਕਿਹਾ ਕਿ ਭਾਰਤ ਦੀ ਕਾਰਵਾਈ ਦੌਰਾਨ ਪਾਕਿਸਤਾਨ ਦੇ ਫ਼ੌਜੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ ਜਿਸ ’ਚ ਤਿੰਨ ਥਾਵਾਂ ’ਤੇ ਹੈਂਗਰ, ਚਾਰ ਥਾਵਾਂ ’ਤੇ ਰਡਾਰਾਂ, ਦੋ ਥਾਵਾਂ ’ਤੇ ਕਮਾਂਡ ਅਤੇ ਕੰਟਰੋਲ ਸੈਂਟਰ ਅਤੇ ਦੋ ਏਅਰ ਬੇਸਾਂ ਦੇ ਰਨਵੇਅ ਸ਼ਾਮਲ ਹਨ। ਪਾਕਿਸਤਾਨ ’ਚ ਵੱਖ ਵੱਖ ਦਹਿਸ਼ਤੀ ਗੁੱਟਾਂ ਵੱਲੋਂ ‘ਅਪਰੇਸ਼ਨ ਸਿੰਧੂਰ’ ਮਗਰੋਂ ਖ਼ੈਬਰ ਪਖਤੂਨਖਵਾ ਪ੍ਰਾਂਤ ’ਚ ਆਪਣੇ ਅੱਡੇ ਬਣਾਉਣ ਦੀਆਂ ਰਿਪੋਰਟਾਂ ਬਾਰੇ ਉਨ੍ਹਾਂ ਕਿਹਾ ਕਿ ਇਸ ਦੀ ਪਹਿਲਾਂ ਹੀ ਸੰਭਾਵਨਾ ਜਤਾਈ ਜਾ ਰਹੀ ਸੀ ਅਤੇ ਭਾਰਤੀ ਹਵਾਈ ਫ਼ੌਜ ਉਨ੍ਹਾਂ ਦੀਆਂ ਲੁਕਣਗਾਹਾਂ ਨੂੰ ਅੰਦਰ ਜਾ ਕੇ ਸਟੀਕ ਨਿਸ਼ਾਨਾ ਲਗਾ ਕੇ ਤਬਾਹ ਕਰਨ ਦੇ ਸਮਰੱਥ ਹੈ।
ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਫ਼ੌਜ ਨੇ ਰੋਡਮੈਪ 2047 ਤਹਿਤ ਆਪਣੀ ਸਮਰੱਥਾ ਵਧਾਉਣ ਦੀ ਯੋਜਨਾ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਅਤੇ ਉਸ ਨੂੰ ਆਪਣੀ ਹਵਾਈ ਤਾਕਤ ਵਧਾਉਣ ਲਈ ਅਗਲੇ ਦੋ ਦਹਾਕਿਆਂ ਲਈ ਸਾਲਾਨਾ 35 ਤੋਂ 40 ਨਵੇਂ ਜਹਾਜ਼ਾਂ ਦੀ ਲੋੜ ਹੋਵੇਗੀ ਜਿਨ੍ਹਾਂ ’ਚ ਲੜਾਕੂ ਜੈੱਟ ਵੀ ਸ਼ਾਮਲ ਹਨ। ਉਨ੍ਹਾਂ ਖ਼ੁਫ਼ੀਆ ਰਿਪੋਰਟਾਂ ਅਤੇ ਇਲੈਕਟ੍ਰਾਨਿਕ ਨਿਗਰਾਨੀ ਰਾਹੀਂ ਇਕੱਠੇ ਕੀਤੇ ਗਏ ਸਬੂਤਾਂ ਦੇ ਹਵਾਲੇ ਨਾਲ ਅਪਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨ ਨੂੰ ਹੋਏ ਨੁਕਸਾਨ ਦੇ ਵੇਰਵੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਖ਼ੁਫ਼ੀਆ ਰਿਪੋਰਟ ਤੋਂ ਸਾਨੂੰ ਪਤਾ ਲੱਗਾ ਕਿ ਇਨ੍ਹਾਂ ਹਮਲਿਆਂ ’ਚ ਇਕ ਸੀ-130 ਜਹਾਜ਼, ਇਕ ਏਅਰਬੋਰਨ ਅਰਲੀ ਵਾਰਨਿੰਗ ਐਂਡ ਕੰਟਰੋਲ ਜਹਾਜ਼ ਅਤੇ ਚਾਰ ਤੋਂ ਪੰਜ ਲੜਾਕੂ ਜੈੱਟ, ਜਿਨ੍ਹਾਂ ’ਚੋਂ ਜ਼ਿਆਦਾਤਰ ਐੱਫ-16 ਜੈੱਟ ਸ਼ਾਮਲ ਹਨ, ਜ਼ਮੀਨ ’ਤੇ ਹੀ ਨੁਕਸਾਨੇ ਗਏ। ਹਵਾ ’ਚ ਪਾਕਿਸਤਾਨ ਨੂੰ ਹੋਏ ਨੁਕਸਾਨ ਦੇ ਵੇਰਵੇ ਸਾਂਝੇ ਕਰਦਿਆਂ ਚੀਫ਼ ਆਫ਼ ਏਅਰ ਸਟਾਫ਼ ਨੇ ਕਿਹਾ ਕਿ ਭਾਰਤੀ ਹਵਾਈ ਫ਼ੌਜ ਕੋਲ 300 ਕਿਲੋਮੀਟਰ ਤੋਂ ਵੱਧ ਦੀ ਦੂਰੀ ਦੀ ਇਕ ਸਟਰਾਈਕ ਦਾ ਪੁਖ਼ਤਾ ਸਬੂਤ ਹੈ ਜਿਸ ’ਚ ਇਕ ਏ ਈ ਡਬਲਿਊ ਐਂਡ ਸੀ ਜਾਂ ਸਿਗਨਿਟ (ਸਿਗਨਲਸ ਇੰਟੈਲੀਜੈਂਸ) ਜਹਾਜ਼ ਦੇ ਨਾਲ ਨਾਲ ਐੱਫ-16 ਅਤੇ ਜੇ ਐੱਫ-17 ਸ਼੍ਰੇਣੀ ਦੇ ਪੰਜ ਹਾਈ ਟੈੱਕ ਜੈੱਟਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਕ ਹੈਂਗਰ ’ਚ ਪਾਕਿਸਤਾਨ ਦੇ ਐੱਫ-16 ਜੈੱਟਾਂ ਨੂੰ ਨੁਕਸਾਨ ਪਹੁੰਚਣ ਦੀਆਂ ਰਿਪੋਰਟਾਂ ਸਨ ਪਰ ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਹਵਾਈ ਫ਼ੌਜ ਨੇ ਅਮਰੀਕਾ ’ਚ ਬਣੇ ਜੈੱਟ ਨੂੰ ਹਵਾ ’ਚ ਫੁੰਡਣ ਦੀ ਪੁਸ਼ਟੀ ਕੀਤੀ ਹੈ। ਜੇ ਐੱਫ-17 ਚੀਨੀ ਜੈੱਟ ਹੈ। ਭਾਰਤੀ ਹਵਾਈ ਫ਼ੌਜ ਦੇ ਮੁਖੀ ਵੱਲੋਂ ਸਾਂਝੇ ਕੀਤੇ ਗਏ ਵੇਰਵਿਆਂ ਨਾਲ ਪਾਕਿਸਤਾਨ ਨੂੰ ਜਹਾਜ਼ਾਂ ਦੇ ਹੋਏ ਨੁਕਸਾਨ ਦੀ ਕੁੱਲ ਗਿਣਤੀ ਵੱਧ ਕੇ 12-13 ਹੋ ਗਈ ਹੈ। ਉਨ੍ਹਾਂ ਕਿਹਾ ਕਿ ਭਵਿੱਖ ਦੀਆਂ ਸੁਰੱਖਿਆ ਚੁਣੌਤੀਆਂ ਦਾ ਸਫ਼ਲਤਾਪੂਰਵਕ ਸਾਹਮਣਾ ਕਰਨ ਲਈ ਰੱਖਿਆ ਖੇਤਰ ਵਿੱਚ ਸਵੈ-ਨਿਰਭਰਤਾ ਮਹੱਤਵਪੂਰਨ ਹੈ ਅਤੇ ਤਿੰਨੋਂ ਸੈਨਾਵਾਂ ਨੇ ‘ਸੁਦਰਸ਼ਨ ਚੱਕਰ’ ਹਵਾਈ ਰੱਖਿਆ ਪ੍ਰਣਾਲੀ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਐੱਸ-400 ਹਵਾਈ ਰੱਖਿਆ ਪ੍ਰਣਾਲੀ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਅਜਿਹੀਆਂ ਹੋਰ ਪ੍ਰਣਾਲੀਆਂ ਦੀ ਜ਼ਰੂਰਤ ਹੈ। -ਪੀਟੀਆਈ
ਭਾਰਤੀ ਜਹਾਜ਼ ਡੇਗਣ ਦੇ ਦਾਅਵੇ ‘ਮਨੋਹਰ ਕਹਾਣੀਆਂ’ ਕਰਾਰ
ਪਾਕਿਸਤਾਨ ਵੱਲੋਂ ਭਾਰਤੀ ਜਹਾਜ਼ਾਂ ਨੂੰ ਡੇਗਣ ਦੇ ਦਾਅਵਿਆਂ ਨੂੰ ਹਵਾਈ ਫ਼ੌਜ ਮੁਖੀ ਏ ਪੀ ਸਿੰਘ ਨੇ ‘ਮਨੋਹਰ ਕਹਾਣੀਆਂ’ ਕਰਾਰ ਦਿੱਤਾ। ਉਨ੍ਹਾਂ ਕਿਹਾ, ‘‘ਪਾਕਿਸਤਾਨ ਨੂੰ ਖੁਸ਼ ਹੋਣ ਦਿਉ ਕਿਉਂਕਿ ਆਪਣੀ ਸਾਖ਼ ਬਚਾਉਣ ਲਈ ਉਨ੍ਹਾਂ ਵੀ ਆਪਣੇ ਲੋਕਾਂ ਨੂੰ ਕੁਝ ਦਿਖਾਉਣਾ ਹੈ। ਮੈਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਹੈ। ਜੇ ਉਹ ਸੋਚਦੇ ਹਨ ਕਿ ਉਨ੍ਹਾਂ ਮੇਰੇ 15 ਜੈੱਟ ਡੇਗੇ ਹਨ ਤਾਂ ਉਹ ਸੋਚਦੇ ਰਹਿਣ। ਮੈਨੂੰ ਉਮੀਦ ਹੈ ਕਿ ਉਹ ਇਸ ਗੱਲ ਤੋਂ ਸਹਿਮਤ ਹੋਣਗੇ ਕਿ ਜਦੋਂ ਉਹ ਲੜਨ ਲਈ ਦੁਬਾਰਾ ਆਉਣਗੇ ਤਾਂ ਮੇਰੇ ਬੇੜੇ ’ਚ 15 ਜਹਾਜ਼ ਘੱਟ ਦੇਖਣਗੇ।’’ ਉਨ੍ਹਾਂ ਕਿਹਾ ਕਿ ਉਹ ਭਾਰਤ ਨੂੰ ਪਹੁੰਚੇ ਨੁਕਸਾਨ ਬਾਰੇ ਕੁਝ ਨਹੀਂ ਆਖਣਗੇ ਕਿਉਂਕਿ ਉਨ੍ਹਾਂ ਨੂੰ ਇਸ ਦਾ ਪਤਾ ਲਗਾਉਣ ਦਿਉ। ਏਅਰ ਚੀਫ਼ ਮਾਰਸ਼ਲ ਨੇ ਕਿਹਾ, ‘‘ਕੀ ਤੁਸੀਂ ਸਾਡੇ ਏਅਰ ਬੇਸਾਂ ’ਤੇ ਕੁਝ ਡਿੱਗਣ, ਹੈਂਗਰ ਤਬਾਹ ਹੋਣ ਜਾਂ ਹੋਰ ਕੋਈ ਨੁਕਸਾਨ ਦੀ ਇਕ ਵੀ ਤਸਵੀਰ ਦੇਖੀ ਹੈ? ਅਸੀਂ ਤਾਂ ਪਾਕਿਸਤਾਨ ਨੂੰ ਪਹੁੰਚੇ ਨੁਕਸਾਨ ਦੀਆਂ ਕਈ ਤਸਵੀਰਾਂ ਦਿਖਾਈਆਂ ਹਨ। ਉਹ ਇਕ ਵੀ ਤਸਵੀਰ ਸਾਨੂੰ ਨਹੀਂ ਦਿਖਾ ਸਕਦੇ ਹਨ। ਉਨ੍ਹਾਂ ਦਾ ਬਿਰਤਾਂਤ ਮਨੋਹਰ ਕਹਾਣੀਆਂ ਹਨ। ਉਨ੍ਹਾਂ ਨੂੰ ਖੁਸ਼ ਹੋਣ ਦਿਉ।’’ -ਪੀਟੀਆਈ