ਪਾਕਿ ਦਹਿਸ਼ਤੀਆਂ ਨੂੰ ‘ਗੋਲੀ ਦਾ ਜਵਾਬ ਗੋਲੇ’ ਨਾਲ ਮਿਲੇਗਾ: ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਕਿਸਤਾਨੀ ਦਹਿਸ਼ਤਗਰਦਾਂ ਨੂੰ ਭਾਰਤ ’ਤੇ ਮੁੜ ਹਮਲਾ ਕਰਨ ਤੋਂ ਬਚਣ ਦੀ ਚਿਤਾਵਨੀ ਦਿੱਤੀ ਅਤੇ ਕਿਹਾ ਕਿ ਜੇਕਰ ਉਨ੍ਹਾਂ ਨੇ ਗਲਤੀ ਦੁਹਰਾਈ ਤਾਂ ‘ਗੋਲੀ ਦਾ ਜਵਾਬ ਗੋਲੇ’ ਨਾਲ ਦਿੱਤਾ ਜਾਵੇਗਾ। ਬਿਹਾਰ ਵਿੱਚ ਤਜਵੀਜ਼ਤ ਰੱਖਿਆ ਗਲਿਆਰੇ ’ਚ ਤਿਆਰ ਅਸਲਾ ਇਨ੍ਹਾਂ ਦਹਿਸ਼ਤਗਰਦਾਂ ਖ਼ਿਲਾਫ਼ ਵਰਤਿਆ ਜਾਵੇਗਾ। ਗ੍ਰਹਿ ਮੰਤਰੀ ਨੇ ਇਹ ਗੱਲ ਪਹਿਲਗਾਮ ਹਮਲੇ ਮਗਰੋਂ ਚਲਾਏ ਅਪਰੇਸ਼ਨ ਸਿੰਧੂਰ ਦਾ ਹਵਾਲਾ ਦਿੰਦਿਆਂ ਆਖੀ। ਉਹ ਅਸੈਂਬਲੀ ਚੋਣਾਂ ਦੇ ਮੱਦੇਨਜ਼ਰ ਦਰਭੰਗਾ, ਮੋਤੀਹਾਰੀ ਤੇ ਬੇਤੀਆ ’ਚ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਬਿਹਾਰ ’ਚ ਰੱਖਿਆ ਗਲਿਆਰਾ ਬਣਾ ਰਹੇ ਹਨ। ਜੇ ਪਾਕਿਸਤਾਨੀ ਦਹਿਸ਼ਤਗਰਦਾਂ ਨੇ (ਭਾਰਤ ’ਤੇ ਹਮਲੇ ਦੀ) ਗਲਤੀ ਦੁਹਰਾਈ ਤਾਂ ‘ਗੋਲੀ ਦਾ ਜਵਾਬ ਗੋਲੇ’ ਨਾਲ ਦਿੱਤਾ ਜਾਵੇਗਾ। ਮੋਦੀ ਸਰਕਾਰ ਮੁਲਕ ਦੀ ਰੱਖਿਆ ਤੇ ਸੁਰੱਖਿਆ ਲਈ ਵਚਨਬੱਧ ਹੈ।’’ ਕੇਂਦਰੀ ਗ੍ਰਹਿ ਮੰਤਰੀ ਨੇ ਆਰ ਜੇ ਡੀ ਮੁਖੀ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਬੇੇਟੇ ਤੇਜਸਵੀ ਯਾਦਵ ਵੱਲੋਂ ‘ਮਰਹੂਮ ਮੁਹੰਮਦ ਸ਼ਹਾਬੂਦੀਨ ਜਿਸ ’ਤੇ ਬਿਹਾਰ ’ਚ ਆਰ ਜੇ ਡੀ ਦੇ 15 ਸਾਲਾਂ ਦੇ ਸ਼ਾਸਨ ਦੌਰਾਨ ਸਿਵਾਨ ਇਲਾਕੇ ’ਚ ਅਤਿਵਾਦ ਫੈਲਾਉਣ ਦਾ ਦੋਸ਼ ਸੀ, ਦੀ ਪ੍ਰਸ਼ੰਸਾ ’ਚ ਨਾਅਰੇ’ ਲਾਉਣ ਨੂੰ ਲੈ ਕੇ ਉਨ੍ਹਾਂ ’ਤੇ ਨਿਸ਼ਾਨਾ ਸੇਧੇ। ਉਨ੍ਹਾਂ ਆਖਿਆ, ‘‘ਲਾਲੂ ਯਾਦਵ ਤੇ ਉਨ੍ਹਾਂ ਦੀ ਪਾਰਟੀ ‘ਸ਼ਹਾਬੂਦੀਨ ਅਮਰ ਰਹੇ’ ਦੇ ਨਾਅਰੇ ਲਾ ਕੇ ਬਿਹਾਰ ਵਿੱਚ ‘ਜੰਗਲ ਰਾਜ’ ਦਾ ਸੁਫ਼ਨਾ ਦਿਖਾਉਂਦੀ ਹੈ ਪਰ ਬਿਹਾਰ ਦੇ ਲੋਕ ਅਜਿਹਾ ਨਹੀਂ ਹੋਣਗੇ।’’ -ਪੀਟੀਆਈ
