ਪਾਕਿਸਤਾਨ ਮਨੁੱਖੀ ਹੱਕਾਂ ਦਾ ਘਾਣ ਬੰਦ ਕਰੇ: ਭਾਰਤ
ਪਾਕਿਸਤਾਨ ਲਈ ਲੋਕਤੰਤਰ ਨੂੰ ‘ਅਨੋਖੀ’ ਧਾਰਨਾ ਦਸਦਿਆਂ ਭਾਰਤ ਨੇ ਉਸ ਨੂੰ ਗ਼ੈਰਕਾਨੂੰਨੀ ਕਬਜ਼ੇ ਵਾਲੇ ਖ਼ਿੱਤਿਆਂ ’ਚ ਮਨੁੱਖੀ ਹੱਕਾਂ ਦਾ ਘਾਣ ਰੋਕਣ ਦਾ ਸੱਦਾ ਦਿੱਤਾ ਹੈ। ਇਨ੍ਹਾਂ ਖਿੱਤਿਆਂ ’ਚ ਲੋਕਾਂ ਨੇ ਫੌਜੀ ਕਬਜ਼ੇ, ਦਮਨ ਅਤੇ ਜ਼ੁਲਮਾਂ ਖ਼ਿਲਾਫ਼ ‘ਖੁੱਲੀ ਬਗ਼ਾਵਤ’ ਕੀਤੀ ਹੋਈ ਹੈ। ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ’ਚ ‘ਸੰਯੁਕਤ ਰਾਸ਼ਟਰ ਸੰਗਠਨ: ਭਵਿੱਖ ’ਤੇ ਨਜ਼ਰ’ ਵਿਸ਼ੇ ’ਤੇ ਹੋਈ ਖੁੱਲ੍ਹੀ ਬਹਿਸ ਦੌਰਾਨ ਪਾਕਿਸਤਾਨੀ ਸਫ਼ੀਰ ਦੇ ਬਿਆਨ ਦਾ ਜਵਾਬ ਦਿੰਦਿਆਂ ਭਾਰਤ ਦੇ ਪੱਕੇ ਨੁਮਾਇੰਦੇ ਪਰਵਤਨੇਨੀ ਹਰੀਸ਼ ਨੇ ਕਿਹਾ, ‘‘ਜੰਮੂ ਕਸ਼ਮੀਰ ਦੇ ਲੋਕ ਭਾਰਤ ਦੀਆਂ ਜਮਹੂਰੀ ਰਵਾਇਤਾਂ ਅਤੇ ਸੰਵਿਧਾਨਕ ਢਾਂਚੇ ਮੁਤਾਬਕ ਆਪਣੇ ਬੁਨਿਆਦੀ ਹੱਕਾਂ ਦੀ ਵਰਤੋਂ ਕਰਦੇ ਹਨ। ਅਸੀਂ ਜਾਣਦੇ ਹਾਂ ਕਿ ਇਹ ਧਾਰਨਾ ਪਾਕਿਸਤਾਨ ਲਈ ਅਨੋਖੀ ਹੈ।... ਜੰਮੂ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਹਿੱਸਾ ਸੀ ਅਤੇ ਹਮੇਸ਼ਾ ਰਹੇਗਾ।’’ ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਨੂੰ ਵੱਡੇ ਪੱਧਰ ’ਤੇ ਸੁਧਾਰ ਕਰਨੇ ਹੋਣਗੇ ਅਤੇ 80 ਸਾਲ ਪੁਰਾਣੀ ਸਲਾਮਤੀ ਕੌਂਸਲ ਮੌਜੂਦਾ ਹਾਲਾਤ ਦੀ ਝਲਕ ਪੇਸ਼ ਨਹੀਂ ਕਰਦੀ ਹੈ। ਉਨ੍ਹਾਂ ਸਲਾਮਤੀ ਕੌਂਸਲ ਦੀ ਪੱਕੀਆਂ ਅਤੇ ਆਰਜ਼ੀ ਸ਼੍ਰੇਣੀਆਂ ’ਚ ਵਿਸਥਾਰ ਦਾ ਸੱਦਾ ਵੀ ਦਿੱਤਾ। ਆਲਮੀ ਫ਼ੈਸਲੇ ਲੈਣ ’ਚ ‘ਗਲੋਬਲ ਸਾਊਥ’ ਦੀ ਆਵਾਜ਼ ਨੂੰ ਤਵੱਜੋ ਦੇਣ ਲਈ ਵੀ ਕਿਹਾ।
