ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Prime Minister Narendra Modi; ਪਾਕਿਸਤਾਨ ਨੇ ਸ਼ਾਂਤੀ ਦੇ ਹਰ ਯਤਨ ਦਾ ਜਵਾਬ ਦੁਸ਼ਮਣੀ ਨਾਲ ਦਿੱਤਾ: ਮੋਦੀ

ਪ੍ਰਧਾਨ ਮੰਤਰੀ ਵੱਲੋਂ ਚੀਨ ਨਾਲ ਮਤਭੇਦਾਂ ਦੀ ਥਾਂ ਵਾਰਤਾ ਨੂੰ ਤਰਜੀਹ; ਟਰੰਪ ਨਾਲ ਆਪਸੀ ਵਿਸ਼ਵਾਸ ਦੀ ਸਾਂਝ ਹੋਣ ਦਾ ਦਾਅਵਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੋਡਕਾਸਟਰ ਲੈਕਸ ਫਰੀਡਮੈਨ ਨਾਲ ਗੱਲਬਾਤ ਕਰਦੇ ਹੋਏ।
Advertisement

ਨਵੀਂ ਦਿੱਲੀ, 16 ਮਾਰਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਤਰਫੋਂ ਸ਼ਾਂਤੀ ਦੇ ਹਰ ਨੇਕ ਯਤਨ ਦਾ ਜਵਾਬ ਪਾਕਿਸਤਾਨ ਵੱਲੋਂ ਦੁਸ਼ਮਣੀ ਅਤੇ ਵਿਸ਼ਵਾਸਘਾਤ ਨਾਲ ਦਿੱਤਾ ਗਿਆ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਉਸ (ਪਾਕਿਸਤਾਨ) ਨੂੰ ਸੁਮੱਤ ਆਵੇਗੀ ਅਤੇ ਉਹ ਸ਼ਾਂਤੀ ਦਾ ਰਾਹ ਅਪਣਾਏਗਾ। ਲੈਕਸ ਫਰਿੱਡਮੈਨ ਨਾਲ ਇੱਕ ਪੋਡਕਾਸਟ ਵਿੱਚ ਉਨ੍ਹਾਂ ਕਿਹਾ ਕਿ ਭਾਰਤੀ ਵੈਦਿਕ ਸੰਤਾਂ ਅਤੇ ਸਵਾਮੀ ਵਿਵੇਕਾਨੰਦ ਨੇ ਜੋ ਵੀ ਸਿਖਾਇਆ ਹੈ, ਰਾਸ਼ਟਰੀ ਸਵੈਮ-ਸੇਵਕ ਸੰਘ (ਆਰਐੱਸਐੱਸ) ਵੀ ਉਹੀ ਸਿਖਾਉਂਦਾ ਹੈ। ਫਰਿੱਡਮੈਨ ਨਾਲ ਇੱਕ ਪੌਡਕਾਸਟ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਅਤੇ ਦੁਨੀਆ ਬਾਰੇ ਖੁੱਲ੍ਹ ਕੇ ਵਿਚਾਰ ਪ੍ਰਗਟਾਏ।

Advertisement

ਚੀਨ ਨਾਲ ਸਬੰਧਾਂ ਬਾਰੇ ਪ੍ਰਧਾਨ ਮੰਤਰੀ ਨੇ ਮਤਭੇਦਾਂ ਦੀ ਥਾਂ ’ਤੇ ਵਾਰਤਾ ਨੂੰ ਤਰਜੀਹ ਦਿੱਤੀ ਅਤੇ ਕਿਹਾ ਕਿ ਭਾਰਤ ਅਤੇ ਚੀਨ ਵਿਚਕਾਰ ਮਤਭੇਦ ਸੁਭਾਵਿਕ ਹਨ ਪਰ ਮਜ਼ਬੂਤ ਸਹਿਯੋਗ ਦੋਵੇਂ ਗੁਆਂਢੀਆਂ ਦੇ ਹਿੱਤ ਅਤੇ ਆਲਮੀ ਸਥਿਰਤਾ ਲਈ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕ ਅਸਲ ਕੰਟਰੋਲ ਰੇਖਾ ’ਤੇ 2020 ਤੋਂ ਪਹਿਲਾਂ ਦੇ ਹਾਲਾਤ ਬਹਾਲ ਕਰਨ ਲਈ ਰਲ ਕੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਵਿਚਕਾਰ ਸਿਹਤਮੰਦ ਮੁਕਾਬਲੇਬਾਜ਼ੀ ਨੂੰ ਟਕਰਾਅ ਦਾ ਰੂਪ ਨਹੀਂ ਲੈਣਾ ਚਾਹੀਦਾ ਹੈ। ਰੂਸ ਅਤੇ ਯੂਕਰੇਨ ਜੰਗ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਦੋਵੇਂ ਮੁਲਕ ਜਦੋਂ ਵਾਰਤਾ ਲਈ ਅੱਗੇ ਆਉਣਗੇ ਤਾਂ ਮਸਲੇ ਦਾ ਹੱਲ ਨਿਕਲ ਆਵੇਗਾ। ਉਨ੍ਹਾਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨਾਲ ਚੰਗੇ ਸਬੰਧ ਹੋਣ ਦਾ ਵੀ ਦਾਅਵਾ ਕੀਤਾ। ਮੋਦੀ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਆਪਣੇ ਦੂਜੇ ਕਾਰਜਕਾਲ ’ਚ ਪੂਰੀ ਤਿਆਰੀ ਨਾਲ ਆਏ ਹਨ। ਉਨ੍ਹਾਂ ਕਿਹਾ ਕਿ ਟਰੰਪ ਨਾਲ ਆਪਸੀ ਵਿਸ਼ਵਾਸ ਦੀ ਸਾਂਝ ਹੈ ਕਿਉਂਕਿ ਉਹ ਦੋਵੇਂ ਕੌਮੀ ਹਿੱਤਾਂ ਨੂੰ ਤਰਜੀਹ ਦੇ ਰਹੇ ਹਨ। ਤਿੰਨ ਘੰਟੇ ਤੋਂ ਵੱਧ ਸਮੇਂ ਦੀ ਵਾਰਤਾ ਦੌਰਾਨ ਮੋਦੀ ਨੇ ਕਿਹਾ, “ਮੈਂ 2014 ’ਚ ਹਲਫ਼ਦਾਰੀ ਸਮਾਗਮ ਲਈ ਆਪਣੇ ਪਾਕਿਸਤਾਨੀ ਹਮਰੁਤਬਾ ਨਵਾਜ਼ ਸ਼ਰੀਫ਼ ਨੂੰ ਇਸ ਆਸ ਨਾਲ ਉਚੇਚੇ ਤੌਰ ’ਤੇ ਸੱਦਾ ਦਿੱਤਾ ਸੀ ਕਿ ਦੋਵੇਂ ਮੁਲਕਾਂ ’ਚ ਨਵੇਂ ਸਿਰੇ ਤੋਂ ਸ਼ਾਂਤੀ ਦਾ ਮਾਹੌਲ ਬਣ ਸਕੇ। ਮੇਰਾ ਮੰਨਣਾ ਹੈ ਕਿ ਪਾਕਿਸਤਾਨ ਦੇ ਲੋਕ ਵੀ ਸ਼ਾਂਤੀ ਚਾਹੁੰਦੇ ਹਨ ਕਿਉਂਕਿ ਉਹ ਵੀ ਟਕਰਾਅ, ਅਸ਼ਾਂਤੀ ਅਤੇ ਦਹਿਸ਼ਤ ਵਿੱਚ ਰਹਿੰਦਿਆਂ ਥੱਕ ਚੁੱਕੇ ਹੋਣਗੇ, ਜਿੱਥੇ ਬੱਚੇ ਵੀ ਮਾਰੇ ਜਾਂਦੇ ਹਨ ਅਤੇ ਅਣਗਿਣਤ ਜ਼ਿੰਦਗੀਆਂ ਤਬਾਹ ਹੋ ਜਾਂਦੀਆਂ ਹਨ।’’

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਵੱਲੇ ਸਬੰਧਾਂ ਨੂੰ ਸੁਧਾਰਨ ਦੀ ਉਨ੍ਹਾਂ ਦੀ ਪਹਿਲੀ ਕੋਸ਼ਿਸ਼ ਸਦਭਾਵਨਾ ਦਾ ਸੰਕੇਤ ਸੀ। ਉਨ੍ਹਾਂ ਕਿਹਾ, “ਇਹ ਕੂਟਨੀਤਕ ਕਦਮ ਸੀ ਜੋ ਦਹਾਕਿਆਂ ਵਿੱਚ ਨਹੀਂ ਦੇਖਿਆ ਗਿਆ। ਜਿਹੜੇ ਲੋਕਾਂ ਨੇ ਕਦੇ ਵਿਦੇਸ਼ ਨੀਤੀ ਪ੍ਰਤੀ ਮੇਰੀ ਪਹੁੰਚ ’ਤੇ ਸਵਾਲ ਉਠਾਏ ਸਨ, ਉਹ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਮੈਂ ਸਾਰਕ ਦੇਸ਼ਾਂ ਦੇ ਸਾਰੇ ਮੁਖੀਆਂ ਨੂੰ (ਹਲਫ਼ਦਾਰੀ ਸਮਾਗਮ ਵਿੱਚ) ਸੱਦਿਆ ਸੀ ਅਤੇ ਸਾਡੇ ਤਤਕਾਲੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਆਪਣੀਆਂ ਯਾਦਾਂ ਵਿੱਚ ਉਸ ਇਤਿਹਾਸਕ ਪਲ ਨੂੰ ਖ਼ੂਬਸੂਰਤੀ ਨਾਲ ਕੈਦ ਕੀਤਾ ਸੀ।’’ ਮੋਦੀ ਨੇ ਕਿਹਾ ਕਿ ਇਹ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਦੀ ਵਿਦੇਸ਼ ਨੀਤੀ ਕਿੰਨੀ ਸਪੱਸ਼ਟ ਅਤੇ ਭਰੋਸੇਮੰਦ ਹੋ ਗਈ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਇਸ ਦੌਰਾਨ 2002 ਦੇ ਗੁਜਰਾਤ ਦੰਗਿਆਂ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਗੁਜਰਾਤ ਵਿੱਚ 2002 ਦੇ ਗੋਧਰਾ ਕਾਂਡ ਮਗਰੋਂ ਭੜਕੇ ਦੰਗਿਆਂ ਬਾਰੇ ਚਰਚਾ ਇੱਕ ਝੂਠਾ ਬਿਰਤਾਂਤ ਘੜਨ ਦਾ ਯਤਨ ਸੀ ਅਤੇ ਕੇਂਦਰ ਦੀ ਸੱਤਾ ’ਤੇ ਕਾਬਜ਼ ਉਨ੍ਹਾਂ ਦੇ ਸਿਆਸੀ ਵਿਰੋਧੀ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ, ਪਰ ਅਦਾਲਤ ਨੇ ਨਿਰਦੋਸ਼ ਕਰਾਰ ਦਿੱਤਾ। ਮੋਦੀ ਨੇ ਕਿਹਾ ਕਿ ਇਹ ਧਾਰਨਾ ਕਿ 2002 ਦੇ ਦੰਗੇ ਗੁਜਰਾਤ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ ਦੰਗੇ ਸਨ, ਗ਼ਲਤ ਸੂਚਨਾ ਫੈਲਾਉਣ ਦਾ ਯਤਨ ਹੈ। -ਪੀਟੀਆਈ

ਮੋਦੀ ਨੇ ਸੰਘ ਦੇ ਸੋਹਲੇ ਗਾਏ

ਆਰਐੱਸਐੱਸ ਨਾਲ ਆਪਣੇ ਸਬੰਧਾਂ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਮੋਦੀ ਨੇ ਕਿਹਾ ਕਿ ਉਹ ਖੁਦ ਨੂੰ ਖੁਸ਼ਕਿਸਮਤ ਸਮਝਦੇ ਹਨ ਕਿ ਉਨ੍ਹਾਂ ਨੇ ਅਜਿਹੇ ਸਤਿਕਾਰਤ ਸੰਗਠਨ ਤੋਂ ਜੀਵਨ ਦੇ ਸਾਰ ਅਤੇ ਕਦਰਾਂ-ਕੀਮਤਾਂ ਬਾਰੇ ਸੇਧ ਲਈ ਹੈ। ਉਨ੍ਹਾਂ ਕਿਹਾ ਕਿ ਵੇਦਾਂ, ਸੰਤਾਂ ਅਤੇ ਸਵਾਮੀ ਵਿਵੇਕਾਨੰਦ ਨੇ ਜੋ ਵੀ ਸਿਖਾਇਆ ਹੈ, ਉਸ ਦਾ ਹੀ ਰਾਸ਼ਟਰੀ ਸਵੈਮ-ਸੇਵਕ ਸੰਘ (ਆਰਐੱਸਐੱਸ) ਪ੍ਰਚਾਰ ਕਰਦਾ ਹੈ। ਉਨ੍ਹਾਂ ਕਿਹਾ ਕਿ ਸੰਘ ਸਿਖਾਉਂਦਾ ਹੈ ਕਿ ਦੇਸ਼ ਸਰਵਉੱਚ ਹੈ ਅਤੇ ਲੋਕਾਂ ਦੀ ਸੇਵਾ ਕਰਨਾ ਰੱਬ ਦੀ ਸੇਵਾ ਕਰਨ ਦੇ ਤੁੱਲ ਹੈ। -ਪੀਟੀਆਈ

ਮੋਦੀ ਮਾਰਾਡੋਨਾ ਦੇ ਪ੍ਰਸ਼ੰਸਕ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੌਡਕਾਸਟ ਦੌਰਾਨ ਫੁਟਬਾਲਰ ਡੀਏਗੋ ਮਾਰਾਡੋਨਾ ਨੂੰ ਆਪਣੇ ਸਮੇਂ ਦਾ ‘ਅਸਲ ਨਾਇਕ’ ਕਰਾਰ ਦਿੱਤਾ। ਉਨ੍ਹਾਂ ਮੱਧ ਪ੍ਰਦੇਸ਼ ਦੇ ਸ਼ਹਿਡੋਲ ਦੇ ਦੌਰੇ ਦਾ ਜ਼ਿਕਰ ਵੀ ਕੀਤਾ ਜਿਸ ਨੂੰ ਲੋਕ ‘ਮਿਨੀ ਬ੍ਰਾਜ਼ੀਲ’ ਆਖਦੇ ਹਨ ਕਿਉਂਕਿ ਉਥੋਂ ਦੇ ਜ਼ਿਆਦਾਤਰ ਲੋਕ ਫੁਟਬਾਲ ਖੇਡਦੇ ਹਨ। ਮੋਦੀ ਨੇ ਕਿਹਾ ਕਿ ਅੱਜ ਦੀ ਪੀੜ੍ਹੀ ਅਰਜਨਟੀਨਾ ਦੇ ਲਿਓਨਲ ਮੈਸੀ ਦੀ ਪ੍ਰਸ਼ੰਸਕ ਹੈ। ਭਾਰਤ ਅਤੇ ਪਾਕਿਸਤਾਨ ਵਿਚੋਂ ਕਿਹੜੀ ਕ੍ਰਿਕਟ ਟੀਮ ਬਿਹਤਰ ਹੈ, ਬਾਰੇ ਪੁੱਛੇ ਸਵਾਲ ਦਾ ਪ੍ਰਧਾਨ ਮੰਤਰੀ ਨੇ ਮਜ਼ਾਹੀਆ ਅੰਦਾਜ਼ ’ਚ ਜਵਾਬ ਦਿੰਦਿਆਂ ਕਿਹਾ ਕਿ ਉਹ ਕ੍ਰਿਕਟ ਦੇ ਮਾਹਿਰ ਨਹੀਂ ਹਨ ਪਰ ਹਾਲੀਆ ਨਤੀਜਿਆਂ ਤੋਂ ਜੇਤੂ ਟੀਮ ਦਾ ਪਤਾ ਲਾਇਆ ਜਾ ਸਕਦਾ ਹੈ। -ਪੀਟੀਆਈ

Advertisement
Tags :
FridmanPrime Minister Narendra Modi