ਕੱਟੜਵਾਦ ਅਤੇ ਅਤਿਵਾਦ ’ਚ ਡੁੱਬਿਆ ਹੋਇਆ ਹੈ ਪਾਕਿਸਤਾਨ: ਭਾਰਤ
ਭਾਰਤ ਨੇ ਪਾਕਿਸਤਾਨ ਦੀ ਅਗਵਾਈ ਹੇਠ ਹੋਈ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਦੀ ਇਕ ਮੀਟਿੰਗ ਦੌਰਾਨ ਆਪਣੇ ਗੁਆਂਢੀ ਨੂੰ ਕੱਟੜਤਾ ’ਚ ਡੁੱਬਿਆ ਲਗਾਤਾਰ ਕਰਜ਼ ਲੈਣ ਵਾਲਾ ਮੁਲਕ ਕਰਾਰ ਦਿੰਦਿਆਂ ਕਿਹਾ ਕਿ ਸਰਹੱਦ ਪਾਰ ਅਤਿਵਾਦ ਨੂੰ ਹੱਲਾਸ਼ੇਰੀ ਦੇਣ ਵਾਲੇ ਮੁਲਕਾਂ ਨੂੰ ‘ਗੰਭੀਰ ਮੁੱਲ’ ਤਾਰਨ ਲਈ ਮਜਬੂਰ ਕੀਤਾ ਜਾਣਾ ਚਾਹੀਦਾ ਹੈ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਪੱਕੇ ਨੁਮਾਇੰਦੇ ਪਰਵਤਨੇਨੀ ਹਰੀਸ਼ ਨੇ ਕਿਹਾ, ‘‘ਅਸੀਂ ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਦੇ ਵਿਸ਼ੇ ’ਤੇ ਚਰਚਾ ਕਰ ਰਹੇ ਹਾਂ ਤਾਂ ਅਜਿਹੇ ’ਚ ਇਹ ਸਮਝਣਾ ਜ਼ਰੂਰੀ ਹੈ ਕਿ ਕੁਝ ਬੁਨਿਆਦੀ ਸਿਧਾਂਤਾਂ ਦਾ ਵਿਆਪਕ ਤੌਰ ’ਤੇ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਜਿਨ੍ਹਾਂ ’ਚੋਂ ਇਕ ਅਤਿਵਾਦ ਨੂੰ ਬਿਲਕੁਲ ਬਰਦਾਸ਼ਤ ਨਾ ਕਰਨਾ ਹੈ।’’ ਹਰੀਸ਼ ਨੇ ਮੰਗਲਵਾਰ ਨੂੰ ਸਲਾਮਤੀ ਪਰਿਸ਼ਦ ’ਚ ‘ਬਹੁਧਿਰੀ ਅਤੇ ਵਿਵਾਦਾਂ ਦੇ ਸ਼ਾਂਤਮਈ ਨਿਬੇੜੇ ਰਾਹੀਂ ਕੌਮਾਂਤਰੀ ਸ਼ਾਂਤੀ ਤੇ ਸੁਰੱਖਿਆ ਨੂੰ ਹੱਲਾਸ਼ੇਰੀ ਦੇਣਾ’ ਵਿਸ਼ੇ ’ਤੇ ਹੋਈ ਖੁੱਲ੍ਹੀ ਚਰਚਾ ’ਚ ਇਹ ਬਿਆਨ ਦਿੱਤਾ। ਪਾਕਿਸਤਾਨ 15 ਮੁਲਕਾਂ ਦੀ ਮੈਂਬਰੀ ਵਾਲੀ ਸਲਾਮਤੀ ਪਰਿਸ਼ਦ ਦਾ ਜੁਲਾਈ ਮਹੀਨੇ ਦਾ ਮੁਖੀ ਹੈ। ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਖੁੱਲ੍ਹੀ ਚਰਚਾ ਦੀ ਅਗਵਾਈ ਕੀਤੀ ਜਿਸ ਨੂੰ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਵੀ ਸੰਬੋਧਨ ਕੀਤਾ। ਡਾਰ ਨੇ ਪਾਕਿਸਤਾਨ ਵੱਲੋਂ ਪਰਿਸ਼ਦ ਨੂੰ ਸੰਬੋਧਨ ਕਰਦਿਆਂ ਜੰਮੂ ਕਸ਼ਮੀਰ ਦੇ ਨਾਲ ਨਾਲ ਸਿੰਧ ਜਲ ਸੰਧੀ ਦਾ ਮੁੱਦਾ ਵੀ ਚੁੱਕਿਆ। ਤੁਰਕੀ ਨੇ ਵੀ ਚਰਚਾ ਦੌਰਾਨ ਆਪਣੇ ਬਿਆਨ ’ਚ ਜੰਮੂ ਕਸ਼ਮੀਰ ਦਾ ਜ਼ਿਕਰ ਕੀਤਾ। ਹਰੀਸ਼ ਨੇ ਡਾਰ ਦੀ ਟਿੱਪਣੀ ’ਤੇ ਸਖ਼ਤ ਪ੍ਰਤੀਕਰਮ ਦਿੰਦਿਆਂ ਕਿਹਾ, ‘‘ਇਕ ਪਾਸੇ ਭਾਰਤ ਹੈ ਜੋ ਇਕ ਪ੍ਰੋੜ੍ਹ ਲੋਕਤੰਤਰ, ਉਭਰਦਾ ਅਰਥਚਾਰਾ ਅਤੇ ਬਹੁਲਵਾਦੀ ਸਮਾਜ ਹੈ। ਦੂਜੇ ਪਾਸੇ ਪਾਕਿਸਤਾਨ ਹੈ ਜੋ ਕੱਟੜਤਾ ਅਤੇ ਅਤਿਵਾਦ ’ਚ ਡੁੱਬਿਆ ਹੋਇਆ ਹੈ ਤੇ ਆਈਐੱਮਐੱਫ ਤੋਂ ਲਗਾਤਾਰ ਕਰਜ਼ ਲੈ ਰਿਹਾ ਹੈ।’’ ਯੂਐੱਨਐੱਸਸੀ ਚੈਂਬਰ ’ਚ ਆਪਣੇ ਬਿਆਨ ’ਚ ਹਰੀਸ਼ ਨੇ ਪਹਿਲਗਾਮ ਅਤਿਵਾਦੀ ਹਮਲੇ ਦਾ ਜ਼ਿਕਰ ਕੀਤਾ ਜਿਸ ਦੀ ਜ਼ਿੰਮੇਵਾਰੀ ਪਾਕਿਸਤਾਨ ਸਥਿਤ ਅਤਿਵਾਦੀ ਜਥੇਬੰਦੀ ਲਸ਼ਕਰ-ਏ-ਤਇਬਾ ਨਾਲ ਜੁੜੀ ਜਥੇਬੰਦੀ ‘ਦਿ ਰਜ਼ਿਸਟੈਂਸ ਫਰੰਟ’ ਨੇ ਲਈ ਹੈ। ਭਾਰਤੀ ਸਫ਼ੀਰ ਨੇ ਕਿਹਾ ਕਿ ਪਰਿਸ਼ਦ ਦੇ ਕਿਸੇ ਵੀ ਮੈਂਬਰ ਲਈ ਇਹ ਸਹੀ ਨਹੀਂ ਹੈ ਕਿ ਉਹ ਮਾੜੇ ਵਿਹਾਰ ’ਚ ਸ਼ਾਮਲ ਰਹਿੰਦਿਆਂ ਪ੍ਰਵਚਨ ਝਾੜੇ ਜੋ ਕੌਮਾਂਤਰੀ ਭਾਈਚਾਰੇ ਨੂੰ ਨਾਮਨਜ਼ੂਰ ਹੈ।