ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਾਕਿਸਤਾਨ: ਗੁਰਦੁਆਰਾ ਕਰਤਾਰਪੁਰ ਸਾਹਿਬ ’ਚ ਹੜ੍ਹ ਦਾ ਪਾਣੀ ਭਰਿਆ

ਸੌ ਤੋਂ ਵੱਧ ਲੋਕ ਫਸੇ;ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਤੇ ਸੇਵਾਦਾਰ ਸੁਰੱਖਿਅਤ
ਗੁਰਦੁਆਰਾ ਦਰਬਾਰ ਸਾਹਿਬ ’ਚ ਭਰੇ ਪਾਣੀ ’ਚੋਂ ਲੰਘ ਕੇ ਬਾਹਰ ਆਉਂਦੇ ਹੋਏ ਸ਼ਰਧਾਲੂ। -ਫੋਟੋ: ਪੀਟੀਆਈ
Advertisement

ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਗੁਰਦੁਆਰਾ ਦਰਬਾਰ ਸਾਹਿਬ ਸਮੇਤ ਕਰਤਾਰਪੁਰ ਲਾਂਘੇ ਵਿੱਚ ਪਾਣੀ ਭਰ ਗਿਆ, ਜਿਸ ਕਾਰਨ 100 ਤੋਂ ਵੱਧ ਲੋਕ ਫਸ ਗਏ ਹਨ। ਕਰਤਾਰਪੁਰ ਲਾਂਘਾ ਪ੍ਰਾਜੈਕਟ ਮੈਨੇਜਮੈਂਟ ਯੂਨਿਟ ਦੇ ਮੁਖੀ ਸੈਫੁੱਲ੍ਹਾ ਖੋਖਰ ਨੇ ਦੱਸਿਆ, ‘ਗੁਰਦੁਆਰਾ ਦਰਬਾਰ ਸਾਹਿਬ ਸਮੇਤ ਪੂਰਾ ਕਰਤਾਰਪੁਰ ਲਾਂਘਾ ਕੰਪਲੈਕਸ ਹੜ੍ਹ ਦੇ ਪਾਣੀ ਵਿੱਚ ਡੁੱਬ ਗਿਆ ਹੈ।’ ਉਨ੍ਹਾਂ ਕਿਹਾ ਕਿ ਫਸੇ ਹੋਏ ਅਧਿਕਾਰੀਆਂ ਨੂੰ ਕਿਸ਼ਤੀਆਂ ਅਤੇ ਹੈਲੀਕਾਪਟਰ ਰਾਹੀਂ ਬਚਾਇਆ ਜਾ ਰਿਹਾ ਹੈ। ਕਰਤਾਰਪੁਰ ਲਾਂਘੇ ਦੀਆਂ ਕੁੱਝ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆ ਜਾ ਰਹੀਆਂ ਹਨ।

ਜਾਣਕਾਰੀ ਅਨੁਸਾਰ ਗੁਰਦੁਆਰਾ ਕੰਪਲੈਕਸ ਵਿੱਚ ਦੋ ਤੋਂ ਤਿੰਨ ਫੁੱਟ ਤੱਕ ਪਾਣੀ ਇਕੱਠਾ ਹੋ ਗਿਆ ਹੈ। ਦਰਬਾਰ ਸਾਹਿਬ ਦੀਆਂ ਮੁੱਖ ਪੌੜੀਆਂ ਦੀਆਂ ਚਾਰ ਪੌੜੀਆਂ ਪਾਣੀ ਵਿੱਚ ਡੁੱਬ ਗਈਆਂ ਹਨ ਅਤੇ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਬਾਹਰ ਸਥਿਤ ਮਜ਼ਾਰ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ। ਰਾਹਤ ਦੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਪਵਿੱਤਰ ਸਰੂਪ ਅਤੇ ਸੇਵਾਦਾਰ ਸੁਰੱਖਿਅਤ ਹਨ, ਜਿਨ੍ਹਾਂ ਨੂੰ ਉੱਪਰਲੀ ਮੰਜ਼ਿਲ ’ਤੇ ਰੱਖਿਆ ਗਿਆ ਹੈ।

Advertisement

ਨਾਰੋਵਾਲ ਦੇ ਡਿਪਟੀ ਕਮਿਸ਼ਨਰ ਹਸਨ ਰਜ਼ਾ ਅਨੁਸਾਰ ਭਾਰਤ ਵੱਲੋਂ ਰਾਵੀ ਵਿੱਚ ਪਾਣੀ ਛੱਡਣ ਤੋਂ ਬਾਅਦ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਸੈਂਕੜੇ ਵਸਨੀਕਾਂ ਨੂੰ ਬਾਹਰ ਕੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਕਰਗੜ੍ਹ ਤਹਿਸੀਲ ਦੇ ਕੋਟ ਨੈਨ ਵਿੱਚ ਰਾਵੀ ’ਚ ਪਾਣੀ ਦਾ ਪੱਧਰ 1,55,000 ਕਿਊਸਿਕ ਤੱਕ ਪਹੁੰਚ ਗਿਆ ਹੈ, ਜਦਕਿ ਇਸ ਦੀ ਸਮਰੱਥਾ 1,50,000 ਕਿਊਸਿਕ ਹੈ। ਐਤਵਾਰ ਨੂੰ ਭਾਰਤ ਨੇ ਕੂਟਨੀਤਕ ਚੈਨਲਾਂ ਰਾਹੀਂ ਪਾਕਿਸਤਾਨ ਨੂੰ ਹੜ੍ਹਾਂ ਦੀ ਚਿਤਾਵਨੀ ਦਿੱਤੀ ਸੀ।

ਅਧਿਕਾਰੀਆਂ ਨੇ ਕਿਹਾ ਕਿ ਹਜ਼ਾਰਾਂ ਏਕੜ ਖੇਤੀਬਾੜੀ ਜ਼ਮੀਨ ਡੁੱਬ ਗਈ ਹੈ, ਜਿਸ ਨਾਲ ਝੋਨੇ ਦੀ ਫਸਲ ਅਤੇ ਪਸ਼ੂਆਂ ਦੇ ਚਾਰੇ ਨੂੰ ਨੁਕਸਾਨ ਪਹੁੰਚਿਆ ਹੈ। ਰਜ਼ਾ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਭਾਰੀ ਮੀਂਹ ਨੇ ਹਾਲਾਤ ਹੋਰ ਵਿਗਾੜ ਦਿੱਤੇ ਹਨ, ਜਿਸ ਨਾਲ ਪਿੰਡ ਅਤੇ ਫਸਲਾਂ ਡੁੱਬ ਗਈਆਂ ਹਨ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਮਜਬੂਰ ਹੋਣਾ ਪਿਆ ਹੈ। ਮੰਗਲਵਾਰ ਤੱਕ ਲਹਿੰਦੇ ਪੰਜਾਬ ਵਿੱਚ ਲਗਪਗ ਦੋ ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਿਆ ਜਾ ਚੁੱਕਾ ਹੈ।

 

ਭਾਰਤ ਵੱਲੋਂ ਪਾਕਿਸਤਾਨ ਨੂੰ ਹੜ੍ਹਾਂ ਦੇ ਖਤਰੇ ਦੀ ਨਵੀਂ ਚਿਤਾਵਨੀ ਜਾਰੀ

ਨਵੀਂ ਦਿੱਲੀ: ਭਾਰਤ ਨੇ ਤਵੀ ਦਰਿਆ ਵਿੱਚ ਹੜ੍ਹ ਦੀ ‘ਕਾਫੀ ਜ਼ਿਆਦਾ ਸੰਭਾਵਨਾ’ ਨੂੰ ਲੈ ਕੇ ਪਾਕਿਸਤਾਨ ਨੂੰ ਨਵੇਂ ਅਲਰਟ ਜਾਰੀ ਕੀਤੇ ਹਨ। ਉਧਰ, ਉੱਤਰੀ ਸੂਬਿਆਂ ਵਿੱਚ ਲਗਾਤਾਰ ਮੀਂਹ ਕਾਰਨ ਪ੍ਰਮੁੱਖ ਡੈਮਾਂ ਤੋਂ ਵਾਧੂ ਪਾਣੀ ਛੱਡਣਾ ਪੈ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਵਿਦੇਸ਼ ਮੰਤਰਾਲੇ ਰਾਹੀਂ ਇਸਲਾਮਾਬਾਦ ਭੇਜੇ ਗਏ ਇਹ ਅਲਰਟ ‘ਮਨੁੱਖੀ ਆਧਾਰ’ ਉੱਤੇ ਜਾਰੀ ਕੀਤੇ ਗਏ ਹਨ। ਪਹਿਲਾ ਅਲਰਟ ਸੋਮਵਾਰ ਨੂੰ ਜਾਰੀ ਕੀਤਾ ਗਿਆ ਸੀ। ਇਕ ਸੂਤਰ ਨੇ ਦੱਸਿਆ, ‘‘ਅਸੀਂ ਕੱਲ੍ਹ (ਮੰਗਲਵਾਰ) ਅਤੇ ਅੱਜ (ਬੁੱਧਵਾਰ) ਤਵੀ ਦਰਿਆ ਵਿੱਚ ਹੜ੍ਹ ਆਉਣ ਦੀ ਕਾਫੀ ਜ਼ਿਆਦਾ ਸੰਭਾਵਨਾ ਦੇ ਮੱਦੇਨਜ਼ਰ ਇਕ ਹੋਰ ਅਲਰਟ ਜਾਰੀ ਕੀਤਾ। ਭਾਰਤੀ ਖੇਤਰਾਂ ਵਿੱਚ ਹੋ ਰਹੀ ਕਾਫੀ ਜ਼ਿਆਦਾ ਬਾਰਿਸ਼ ਕਾਰਨ ਕੁਝ ਡੈਮਾਂ ਦੇ ਫਾਟਕ ਖੋਲ੍ਹਣੇ ਪਏ।’’ ਤਵੀ ਦਰਿਆ ਹਿਮਾਲਿਆ ਤੋਂ ਨਿਕਲਦਾ ਹੈ ਅਤੇ ਪਾਕਿਸਤਾਨ ਵਿੱਚ ਚਨਾਬ ਦਰਿਆ ਵਿੱਚ ਮਿਲਣ ਤੋਂ ਪਹਿਲਾਂ ਜੰਮੂ ਡਿਵੀਜ਼ਨ ਤੋਂ ਹੋ ਕੇ ਲੰਘਦਾ ਹੈ। -ਪੀਟੀਆਈ

Advertisement
Show comments