ਪਾਕਿਸਤਾਨ: ਗੂੰਗੀ-ਬੋਲੀ ਹਿੰਦੂ ਕੁੜੀ ਦਾ ਧਰਮ ਬਦਲਿਆ
ਬਦੀਨ ਜ਼ਿਲ੍ਹੇ ਦੇ ਕੋਰਵਾਹ ਸ਼ਹਿਰ ਦੀ ਇਹ ਕੁੜੀ ਲਗਭਗ ਨੌਂ ਦਿਨ ਪਹਿਲਾਂ ਲਾਪਤਾ ਹੋ ਗਈ ਸੀ। ਉਸ ਦੇ ਮਾਪਿਆਂ ਨੇ ਸਥਾਨਕ ਪੁਲੀਸ ਕੋਲ ਅਗਵਾ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਸ਼ਨਿੱਚਰਵਾਰ ਨੂੰ ਲੜਕੀ ਆਪਣੇ ਕਥਿਤ ਪਤੀ ਦੇ ਨਾਲ ਬਦੀਨ ਪ੍ਰੈੱਸ ਕਲੱਬ ਵਿੱਚ ਮੀਡੀਆ ਦੇ ਸਾਹਮਣੇ ਪੇਸ਼ ਹੋਈ, ਜਿੱਥੇ ਧਰਮ ਪਰਿਵਰਤਨ ਸਰਟੀਫਿਕੇਟ ਫੜੀ ਉਸ ਦੀਆਂ ਫੋਟੋਆਂ ਲਈਆਂ ਗਈਆਂ ਸਨ।
ਲੜਕੀ ਦੇ ਪਿਤਾ ਨੇ ਸਵਾਲ ਕੀਤਾ ਕਿ ਇੱਕ ਗੂੰਗੀ ਅਤੇ ਬੋਲੀ ਨਾਬਾਲਗ ਇੱਕ ਅਜਿਹੇ ਆਦਮੀ ਨਾਲ ਵਿਆਹ ਕਰਨ ਲਈ ਕਿਵੇਂ ਸਹਿਮਤ ਹੋ ਸਕਦੀ ਹੈ, ਜੋ ਇੱਕ ਨਸ਼ਾ ਤਸਕਰ ਹੈ ਅਤੇ ਪਹਿਲਾਂ ਹੀ ਉਸ ਦੀਆਂ ਸੱਤ ਧੀਆਂ ਹਨ।
ਹਿੰਦੂਆਂ ਅਤੇ ਘੱਟ ਗਿਣਤੀਆਂ ਦੀ ਭਲਾਈ ਅਤੇ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੰਸਥਾ ਦਰਾਵਰ ਇੱਤੇਹਾਦ ਪਾਕਿਸਤਾਨ ਦੀ ਅਗਵਾਈ ਕਰਨ ਵਾਲੀ ਸ਼ਿਵਾ ਕਾਛੀ ਨੇ ਕਿਹਾ ਕਿ ਲੜਕੀ ਨੂੰ ਅਗਵਾ ਕਰ ਲਿਆ ਗਿਆ ਸੀ, ਪਰ ਪੁਲੀਸ ਪਰਿਵਾਰ ਦੀ ਸ਼ਿਕਾਇਤ ਦੇ ਬਾਵਜੂਦ ਕੋਈ ਕਾਰਵਾਈ ਕਰਨ ਵਿੱਚ ਅਸਫ਼ਲ ਰਹੀ।
ਸ਼ਿਵਾ ਕਾਛੀ ਨੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਸੀਨੀਅਰ ਪੁਲੀਸ ਅਧਿਕਾਰੀਆਂ ਨੂੰ ਪੱਤਰ ਲਿਖਿਆ। ਉਨ੍ਹਾਂ ਕਿਹਾ, ‘‘ਅਸੀਂ ਆਪਣੇ ਵਕੀਲਾਂ ਨਾਲ ਕੇਸ ਦੀ ਪੈਰਵੀ ਕਰਨ ਲਈ ਗੱਲ ਕੀਤੀ ਹੈ ਕਿਉਂਕਿ ਸਾਨੂੰ ਨਹੀਂ ਲੱਗਦਾ ਕਿ ਕੁੜੀ ਆਪਣੀ ਮਰਜ਼ੀ ਨਾਲ ਅਜਿਹਾ ਕਰ ਸਕਦੀ ਸੀ।’’