ਪਾਕਿ-ਅਫ਼ਗਾਨ ਟਕਰਾਅ: 58 ਪਾਕਿ ਫ਼ੌਜੀ ਤੇ 200 ਤਾਲਿਬਾਨ ਲੜਾਕੇ ਹਲਾਕ
ਸਰਹੱਦ ’ਤੇ ਟਕਰਾਅ ਦਰਮਿਆਨ ਪਾਕਿ ਦੇ 58 ਫ਼ੌਜੀ ਅਤੇ ਤਾਲਿਬਾਨ ਦੇ 200 ਤੋਂ ਵੱਧ ਲੜਾਕੇ ਹਲਾਕ ਹੋਣ ਦਾ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਨੇ ਦਾਅਵਾ ਕੀਤਾ ਹੈ। ਦੋਵੇਂ ਮੁਲਕਾਂ ਨੇ ਇਕ-ਦੂਜੇ ’ਤੇ ਬਿਨਾਂ ਭੜਕਾਹਟ ਦੇ ਹਮਲੇ ਦਰਨ ਦੇ ਦੋਸ਼ ਲਾਏ ਹਨ। ਉਂਝ ਪਾਕਿਸਤਾਨ ਨੇ 23 ਫ਼ੌਜੀ ਮਾਰੇ ਜਾਣ ਅਤੇ ਅਫ਼ਗਾਨਿਸਤਾਨ ਫ਼ੌਜ ਦੀਆਂ 19 ਚੌਕੀਆਂ ’ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ ਹੈ। ਉਧਰ ਤਾਲਿਬਾਨ ਦੀ ਅਗਵਾਈ ਹੇਠਲੀ ਸਰਕਾਰ ਦੇ ਰੱਖਿਆ ਮੰਤਰਾਲੇ ਨੇ ਐਤਵਾਰ ਤੜਕੇ ਹਮਲਿਆਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸੁਰੱਖਿਆ ਬਲਾਂ ਨੇ ਜਵਾਬੀ ਅਤੇ ਸਫ਼ਲ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਮੰਤਰਾਲੇ ਨੇ ਚਿਤਾਵਨੀ ਦਿੱਤੀ ਕਿ ਜੇ ਫਿਰ ਕਿਸੇ ਨੇ ਅਫ਼ਗਾਨਿਸਤਾਨ ਦੇ ਖੇਤਰ ਦੀ ਮੁੜ ਉਲੰਘਣਾ ਕੀਤੀ ਤਾਂ ਫ਼ੌਜ ਆਪਣੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਮੋੜਵਾਂ ਜਵਾਬ ਦੇਵੇਗੀ। ਅਫ਼ਗਾਨ ਸੁਰੱਖਿਆ ਬਲਾਂ ਨੇ ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ’ਚ ਅੰਗੂਰ ਅੱਡਾ, ਬਜੌਰ, ਕੁਰੱਮ, ਦੀਰ ਅਤੇ ਬਲੋਚਿਸਤਾਨ ’ਚ ਬਾਰਾਮਚਾ ਚੌਕੀਆਂ ਨੂੰ ਨਿਸ਼ਾਨਾ ਬਣਾਇਆ। ਤਾਲਿਬਾਨ ਸਰਕਾਰ ਦੇ ਮੁੱਖ ਤਰਜਮਾਨ ਜ਼ਬੀਉੱਲ੍ਹਾ ਮੁਜਾਹਦ ਨੇ ਕਿਹਾ ਕਿ ਸ਼ਨਿਚਰਵਾਰ ਰਾਤ ਕੀਤੀ ਗਈ ਕਾਰਵਾਈ ਦੌਰਾਨ 58 ਪਾਕਿਸਤਾਨੀ ਫ਼ੌਜੀ ਮਾਰੇ ਗਏ ਅਤੇ ਡੁਰੰਡ ਲਾਈਨ ’ਤੇ 20 ਪਾਕਿਸਤਾਨੀ ਚੌਕੀਆਂ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕਾਰਵਾਈ ਦੌਰਾਨ 9 ਅਫ਼ਗਾਨੀ ਜਵਾਨ ਵੀ ਮਾਰੇ ਗਏ ਅਤੇ 16 ਹੋਰ ਜ਼ਖ਼ਮੀ ਹੋ ਗਏ। ਤਰਜਮਾਨ ਨੇ ਕਿਹਾ ਕਿ ਕਤਰ ਅਤੇ ਸਾਊਦੀ ਅਰਬ ਦੀਆਂ ਅਪੀਲਾਂ ’ਤੇ ਅੱਧੀ ਰਾਤ ਨੂੰ ਅਪਰੇਸ਼ਨ ਰੋਕ ਦਿੱਤਾ ਗਿਆ। ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਮੋਹਸਿਨ ਨਕਵੀ ਨੇ ਤਾਲਿਬਾਨ ’ਤੇ ਬਿਨਾਂ ਭੜਕਾਹਟ ਦੇ ਸਰਹੱਦੀ ਚੌਕੀਆਂ ’ਤੇ ਹਮਲਿਆਂ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਸ ਨੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫ਼ੌਜ ਚੌਕਸ ਹੈ ਅਤੇ ਅਫ਼ਗਾਨਿਸਤਾਨ ਨੂੰ ‘ਇੱਟ ਦਾ ਜਵਾਬ ਪੱਥਰ’ ਨਾਲ ਦਿੱਤਾ ਜਾ ਰਿਹਾ ਹੈ। ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਕਿ ਪਾਕਿਸਤਾਨ ਦੀ ਖੁਦਮੁਖਤਿਆਰੀ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ। ਜ਼ਰਦਾਰੀ ਨੇ ਤਾਲਿਬਾਨ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਅਫ਼ਗਾਨਿਸਤਾਨ ’ਚ ਪਾਕਿਸਤਾਨ ਵਿਰੋਧੀ ਦਹਿਸ਼ਤਗਰਦਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਪੁਖ਼ਤਾ ਕਾਰਵਾਈ ਕਰੇ। ਸ਼ਰੀਫ਼ ਨੇ ਪਾਕਿਸਤਾਨੀ ਫ਼ੌਜ ਦੀ ਸ਼ਲਾਘਾ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਕਿਸੇ ਵੀ ਭੜਕਾਹਟ ਦਾ ਮੋੜਵਾਂ ਜਵਾਬ ਦਿੱਤਾ ਜਾਵੇਗਾ। ਦੋਵੇਂ ਗੁਆਂਢੀ ਮੁਲਕਾਂ ਵਿਚਾਲੇ ਹਾਲਾਤ ਉਸ ਸਮੇਂ ਵਿਗੜੇ ਜਦੋਂ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਅਫ਼ਗਾਨਿਸਤਾਨ ਦੀ ਧਰਤੀ ਤੋਂ ਖ਼ੈਬਰ ਪਖਤੂਨਖਵਾ ’ਚ ਵਾਰ ਵਾਰ ਹਮਲੇ ਕੀਤੇ। ਪਿਛਲੇ ਹਫ਼ਤੇ ਓੜਕਜ਼ਈ ਜ਼ਿਲ੍ਹੇ ’ਚ ਹਮਲੇ ਦੌਰਾਨ ਇਕ ਲੈਫ਼ਟੀਨੈਂਟ ਕਰਨਲ ਅਤੇ ਮੇਜਰ ਸਮੇਤ 11 ਫ਼ੌਜੀ ਮਾਰੇ ਗਏ ਸਨ। -ਪੀਟੀਆਈ
ਅਫ਼ਗਾਨਿਸਤਾਨ ਬਾਹਰੀ ਹਮਲੇ ਸਹਿਣ ਨਹੀਂ ਕਰੇਗਾ: ਮੁਤੱਕੀ
ਨਵੀਂ ਦਿੱਲੀ: ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ ਆਮਿਰ ਖ਼ਾਨ ਮੁਤੱਕੀ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਪਾਕਿਸਤਾਨ ਨਾਲ ਚੱਲ ਰਹੇ ਸੰਘਰਸ਼ ਦਾ ਸ਼ਾਂਤਮਈ ਹੱਲ ਚਾਹੁੰਦਾ ਹੈ ਪਰ ਜੇ ਸ਼ਾਂਤੀ ਦੀਆਂ ਕੋਸ਼ਿਸ਼ਾਂ ਸਫ਼ਲ ਨਹੀਂ ਹੁੰਦੀਆਂ ਹਨ ਤਾਂ ਉਨ੍ਹਾਂ ਕੋਲ ‘ਹੋਰ ਰਸਤੇ’ ਵੀ ਹਨ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਕਿਸੇ ਵੀ ਬਾਹਰੀ ਹਮਲੇ ਨੂੰ ਸਹਿਣ ਨਹੀਂ ਕਰੇਗਾ ਅਤੇ ਮੁਲਕ ਇਕਜੁੱਟ ਹੋ ਕੇ ਉਸ ਦਾ ਸਾਹਮਣਾ ਕਰੇਗਾ। ਇਸ ਦੌਰਾਨ ਮੁਤੱਕੀ ਨੇ ਦੋ ਦਿਨ ਪਹਿਲਾਂ ਆਪਣੀ ਪ੍ਰੈੱਸ ਕਾਨਫਰੰਸ ਵਿੱਚ ਮਹਿਲਾ ਪੱਤਰਕਾਰਾਂ ਦੀ ਗੈਰ-ਮੌਜੂਦਗੀ ਨੂੰ ਲੈ ਕੇ ਪੈਦਾ ਹੋਏ ਵਿਵਾਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਿਆਂ ਅੱਜ ਇੱਥੇ ਕਿਹਾ ਕਿ ਇਸ ਪਿੱਛੇ ਉਨ੍ਹਾਂ ਦਾ ਕੋਈ ਗਲਤ ਇਰਾਦਾ ਨਹੀਂ ਸੀ। ਪ੍ਰੈੱਸ ਕਾਨਫਰੰਸ ਦੌਰਾਨ ਕਈ ਮਹਿਲਾ ਪੱਤਰਕਾਰ ਵੀ ਮੌਜੂਦ ਸਨ। ਪਾਕਿਸਤਾਨ ਅਤੇ ਅਫ਼ਗਾਨਿਸਤਾਨ ’ਚ ਚੱਲ ਰਹੇ ਟਕਰਾਅ ਦਰਮਿਆਨ ਮੁਤੱਕੀ ਨੇ ਕਿਹਾ ਕਿ ਹਾਲਾਤ ਕੰਟਰੋਲ ਹੇਠ ਹਨ। ਨਵੀਂ ਦਿੱਲੀ ਤੋਂ ਪਾਕਿਸਤਾਨ ਨੂੰ ਸਪੱਸ਼ਟ ਸੁਨੇਹਾ ਦਿੰਦਿਆਂ ਮੁਤੱਕੀ ਨੇ ਕਿਹਾ, ‘‘ਅਫ਼ਗਾਨਿਸਤਾਨ ਸਾਰੀਆਂ ਸਮੱਸਿਆਵਾਂ ਦਾ ਹੱਲ ਵਾਰਤਾ ਅਤੇ ਆਪਸੀ ਸਮਝ ਰਾਹੀਂ ਕਰਨਾ ਚਾਹੁੰਦਾ ਹੈ। ਅਸੀਂ ਕੋਈ ਤਣਾਅ ਨਹੀਂ ਚਾਹੁੰਦੇ ਹਾਂ ਅਤੇ ਫਿਰ ਵੀ ਜੇ ਉਹ ਇੰਝ ਨਹੀਂ ਹੋਣ ਦੇਣਾ ਚਾਹੁੰਦੇ ਤਾਂ ਅਫ਼ਗਾਨਿਸਤਾਨ ਕੋਲ ਹੋਰ ਵੀ ਰਸਤੇ ਹਨ।’’
ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਨੂੰ ਪਾਕਿਸਤਾਨ ਦੇ ਲੋਕਾਂ ਅਤੇ ਸਿਆਸਤਦਾਨਾਂ ਨਾਲ ਕੋਈ ਸਮੱਸਿਆ ਨਹੀਂ ਹੈ ਪਰ ਕੁਝ ਅਨਸਰ ਮਾਹੌਲ ਖ਼ਰਾਬ ਕਰ ਰਹੇ ਹਨ। ਮੁਤੱਕੀ ਨੇ ਕਿਹਾ ਕਿ ਤਾਲਿਬਾਨ ਨੇ 50 ਤੋਂ ਵੱਧ ਮੁਲਕਾਂ ਨਾਲ 20 ਸਾਲਾਂ ਤੱਕ ਲੜਾਈ ਲੜੀ ਸੀ ਅਤੇ ਹੁਣ ਅਫ਼ਗਾਨਿਸਤਾਨ ਆਜ਼ਾਦ ਹੈ ਅਤੇ ਆਪਣੇ ਪੈਰਾਂ ’ਤੇ ਖੜ੍ਹਾ ਹੈ। ਇਸ ਦੌਰਾਨ ਮੁਤੱਕੀ ਨੇ ਅੱਜ ਆਪਣਾ ਆਗਰਾ ਦੌਰਾ ਰੱਦ ਕਰ ਦਿੱਤਾ। ਉਨ੍ਹਾਂ ਉਥੇ ਤਾਜ ਮਹਿਲ ਦੇਖਣ ਜਾਣਾ ਸੀ। ਹਾਲਾਂਕਿ ਦੌਰਾ ਰੱਦ ਹੋਣ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ।
ਜਦੋਂ ਮੁਤੱਕੀ ਤੋਂ ਪਿਛਲੀ ਪ੍ਰੈੱਸ ਕਾਨਫਰੰਸ ਵਿੱਚ ਮਹਿਲਾ ਪੱਤਰਕਾਰਾਂ ਦੀ ਗੈਰ-ਮੌਜੂਦਗੀ ਬਾਰੇ ਸਵਾਲ ਪੁੱਛੇ ਗਏ ਤਾਂ ਉਨ੍ਹਾਂ ਕਿਹਾ, ‘ਉਹ ਪ੍ਰੈੱਸ ਕਾਨਫਰੰਸ ਬਹੁਤ ਘੱਟ ਸਮੇਂ ਵਿੱਚ ਰੱਖੀ ਗਈ ਸੀ। ਪੱਤਰਕਾਰਾਂ ਦੀ ਇੱਕ ਛੋਟੀ ਸੂਚੀ ਹੀ ਤਿਆਰ ਕੀਤੀ ਗਈ ਸੀ। ਇਹ ਸਿਰਫ਼ ਤਕਨੀਕੀ ਮਸਲਾ ਸੀ।’ ਮੁਤੱਕੀ ਨੇ ਜ਼ੋਰ ਦੇ ਕੇ ਕਿਹਾ ਕਿ ਮਹਿਲਾ ਪੱਤਰਕਾਰਾਂ ਨੂੰ ਬਾਹਰ ਰੱਖਣ ਦਾ ਕੋਈ ਇਰਾਦਾ ਨਹੀਂ ਸੀ। ਉਨ੍ਹਾਂ ਕਿਹਾ ਕਿ ਕਿਸੇ ਦੇ ਵੀ ਅਧਿਕਾਰਾਂ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ, ਭਾਵੇਂ ਉਹ ਪੁਰਸ਼ ਹੋਣ ਜਾਂ ਮਹਿਲਾਵਾਂ। ਉਨ੍ਹਾਂ ਆਪਣੇ ਭਾਰਤੀ ਹਮਰੁਤਬਾ ਐਸ. ਜੈਸ਼ੰਕਰ ਨਾਲ ਹੋਈ ਮੁਲਾਕਾਤ ਦੇ ਨਤੀਜਿਆਂ ਨੂੰ ਦੁਹਰਾਇਆ। ਉਨ੍ਹਾਂ ਦੱਸਿਆ, ‘ਭਾਰਤੀ ਵਿਦੇਸ਼ ਮੰਤਰੀ ਨੇ ਕਾਬੁਲ ਅਤੇ ਦਿੱਲੀ ਵਿਚਾਲੇ ਉਡਾਣਾਂ ਵਧਾਉਣ ਦਾ ਐਲਾਨ ਕੀਤਾ ਹੈ। ਵਪਾਰ ਅਤੇ ਆਰਥਿਕਤਾ ’ਤੇ ਵੀ ਸਮਝੌਤਾ ਹੋਇਆ ਹੈ।’ ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਨੇ ਭਾਰਤੀ ਕਾਰੋਬਾਰੀ ਗਰੁੱਪਾਂ ਨੂੰ ਖਣਿਜ, ਊਰਜਾ ਅਤੇ ਖੇਤੀਬਾੜੀ ਸਮੇਤ ਕਈ ਖੇਤਰਾਂ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ, ‘ਅਸੀਂ ਵਾਹਗਾ ਸਰਹੱਦ ਖੋਲ੍ਹਣ ਦੀ ਵੀ ਬੇਨਤੀ ਕੀਤੀ ਹੈ ਕਿਉਂਕਿ ਇਹ ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਸਭ ਤੋਂ ਤੇਜ਼ ਅਤੇ ਸਭ ਤੋਂ ਆਸਾਨ ਵਪਾਰਕ ਰਸਤਾ ਹੈ।’-ਪੀਟੀਆਈ