Pahalgam (Jammu and Kashmir): ਮਾਹੌਲ ਠੀਕ ਤੇ ਕਸ਼ਮੀਰ ਵਿੱਚ ਸੈਰ-ਸਪਾਟਾ ਨੂੰ ਉਤਸ਼ਾਹਿਤ ਕਰਾਂਗਾ: ਉਮਰ ਅਬਦੁੱਲਾ
ਪਹਿਲਗਾਮ, 27 ਮਈ
Chief Minister Omar Abdullah: ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪਹਿਲਗਾਮ ਵਿੱਚ ਅੱਜ ਆਪਣੀ ਵਜ਼ਾਰਤ ਦੀ ਵਿਸ਼ੇਸ਼ ਮੀਟਿੰਗ ਮਗਰੋਂ ਕਿਹਾ ਕਿ ਸੈਰ-ਸਪਾਟਾ ਵਿਵਾਦ ਮੁਕਤ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਇੱਥੇ ਮਾਹੌਲ ਠੀਕ ਹੈ ਤੇ ਉਹ ਇੱਥੇ ਸੈਰ ਸਪਾਟਾ ਨੂੰ ਉਤਸ਼ਾਹਿਤ ਕਰਨਗੇ। ਉਨ੍ਹਾਂ ਇਸ ਤੋਂ ਪਹਿਲਾਂ ਪਹਿਲਗਾਮ ਵਿਚ ਕਈ ਤਸਵੀਰਾਂ ਤੇ ਸੈਲਫੀਆਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ। ਉਨ੍ਹਾਂ ਇਹ ਮੀਟਿੰਗ ਪਹਿਲਗਾਮ ਵਿੱਚ ਕਰ ਕੇ ਸਪਸ਼ਟ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕਿ ਸਰਕਾਰ ਅਤਿਵਾਦ ਦੀਆਂ ਕਾਇਰਾਨਾ ਹਰਕਤਾਂ ਤੋਂ ਨਹੀਂ ਡਰੇਗੀ। ਪਹਿਲਗਾਮ ਦੇ ਬੈਸਰਨ ਵਿੱਚ 22 ਅਪਰੈਲ ਨੂੰ ਹੋਏ ਅਤਿਵਾਦੀ ਹਮਲੇ ਮਗਰੋਂ ਆਪਣੀ ਪਹਿਲੀ ਪ੍ਰੈੱਸ ਕਾਨਫਰੰਸ ਵਿੱਚ ਮੁੱਖ ਮੰਤਰੀ ਨੇ ਅਤਿਵਾਦੀ ਹਿੰਸਾ ਦੀ ਸਪਸ਼ਟ ਨਿੰਦਾ ਕੀਤੀ ਤੇ ਲੋਕਾਂ ਦਾ ਧੰਨਵਾਦ ਕੀਤਾ। ਇਸ ਸਰਕਾਰ ਦੇ ਕਾਰਜਕਾਲ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਵਜ਼ਾਰਤ ਦੀ ਮੀਟਿੰਗ ਸ੍ਰੀਨਗਰ ਜਾਂ ਜੰਮੂ ਤੋਂ ਬਾਹਰ ਹੋਈ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਅਤੇ ਕੇਂਦਰ, ਖ਼ਾਸ ਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੈਰਾ-ਸਪਾਟਾ ਖੇਤਰ ਨੂੰ ਸਮਰਥਨ ਦੇਣ ਲਈ ਕਦਮ ਚੁੱਕੇ ਜਾ ਰਹੇ ਹਨ। ਉਮਰ ਅਬਦੁੱਲਾ ਨੇ ਕਿਹਾ, ‘‘ਮੈਂ ਹਾਲ ਹੀ ਵਿੱਚ ਦਿੱਲੀ ਵਿੱਚ ਸੀ, ਜਿੱਥੇ ਨੀਤੀ ਆਯੋਗ ਦੀ ਮੀਟਿੰਗ ਦੌਰਾਨ ਮੈਨੂੰ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਮੌਕਾ ਮਿਲਿਆ। ਮੈਂ ਉਨ੍ਹਾਂ ਨੂੰ ਜੰਮੂ ਕਸ਼ਮੀਰ ਵਿੱਚ ਸੈਰ-ਸਪਾਟਾ ਸਨਅਤ ਦੀ ਸਥਿਤੀ ਬਾਰੇ ਜਾਣੂੰ ਕਰਵਾਇਆ ਅਤੇ ਉਨ੍ਹਾਂ ਨੇ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ।’’ ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ ਕੇਂਦਰੀ ਪੱਧਰ ’ਤੇ ਹੋਈ ਮੀਟਿੰਗ ਵਿੱਚ ਸੈਰ-ਸਪਾਟੇ ਦੀ ਮੁੜ ਸੁਰਜੀਤੀ ਲਈ ਵਿਆਪਕ ਖ਼ਾਕੇ ਬਾਰੇ ਚਰਚਾ ਕੀਤੀ ਗਈ ਸੀ।