ਭਾਰਤ ਵਿੱਚ 72,000 ਤੋਂ ਵੱਧ ਵਿਦੇਸ਼ੀ ਵਿਦਿਆਰਥੀ: ਸਰਕਾਰ
ਸਰਕਾਰ ਨੇ ਬੁੱਧਵਾਰ ਨੂੰ ਰਾਜ ਸਭਾ ਨੂੰ ਸੂਚਿਤ ਕੀਤਾ ਕਿ ਵਰਤਮਾਨ ਵਿੱਚ ਭਾਰਤ ’ਚ ਲਗਪਗ 200 ਦੇਸ਼ਾਂ ਤੋਂ 72,218 ਵਿਦੇਸ਼ੀ ਵਿਦਿਆਰਥੀ ਹਨ।ਪ੍ਰਸ਼ਨ ਕਾਲ ਦੌਰਾਨ ਪੂਰਕ ਸਵਾਲਾਂ ਦਾ ਜਵਾਬ ਦਿੰਦਿਆਂ ਸਿੱਖਿਆ ਰਾਜ ਮੰਤਰੀ ਸੁਕਾਂਤ ਮਜੂਮਦਾਰ ਨੇ ਦੱਸਿਆ ਕਿ ਵਿਸ਼ਵ ਪੱਧਰੀ ਸੰਸਥਾਵਾਂ ਦੀ ਯੋਜਨਾ (World Class Institutions scheme) ਦੀ ਸ਼ੁਰੂਆਤ ਤੋਂ ਲੈ ਕੇ 'ਇੰਸਟੀਚਿਊਸ਼ਨ ਆਫ਼ ਐਮੀਨੈਂਸ' (IoE) ਦਾ ਦਰਜਾ ਦੇਣ ਲਈ 8 ਜਨਤਕ ਸੰਸਥਾਵਾਂ ਲਈ 6,198.99 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ।
ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ QS ਵਰਲਡ ਯੂਨੀਵਰਸਿਟੀ ਰੈਂਕਿੰਗਜ਼ (QS WUR) 2026 ਵਿੱਚ 54 ਉੱਚ ਸਿੱਖਿਆ ਸੰਸਥਾਵਾਂ ਨੂੰ ਦਰਜਾ ਦਿੱਤਾ ਗਿਆ ਹੈ, ਜਦੋਂ ਕਿ 2014-15 ਵਿੱਚ ਜਦੋਂ ਭਾਜਪਾ ਕੇਂਦਰ ਵਿੱਚ ਸੱਤਾ ਵਿੱਚ ਆਈ ਸੀ, ਤਾਂ ਸਿਰਫ਼ 11 ਸੰਸਥਾਵਾਂ ਸਨ।
ਮੰਤਰੀ ਨੇ ਕਿਹਾ, ‘‘ਹੁਣ, QS WUR 2026 ਵਿੱਚ 54 ਭਾਰਤੀ ਸੰਸਥਾਵਾਂ ਨੂੰ ਦਰਜਾ ਦਿੱਤਾ ਗਿਆ ਹੈ, QS WUR ਵਿੱਚ ਇਹ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਵੱਧ ਪ੍ਰਤੀਨਿਧਤਾ ਹੈ।’’
ਮਜੂਮਦਾਰ ਨੇ ਕਿਹਾ, "ਭਾਰਤ ਵਿੱਚ ਲਗਪਗ 72,218 ਵਿਦੇਸ਼ੀ ਵਿਦਿਆਰਥੀ ਹਨ। ਉਹ ਵੱਖ-ਵੱਖ ਕੋਰਸਾਂ ਦੀ ਪੜ੍ਹਾਈ ਕਰ ਰਹੇ 200 ਦੇਸ਼ਾਂ ਤੋਂ ਹਨ।" ਉਨ੍ਹਾਂ ਕਿਹਾ ਕਿ ਕੇਂਦਰ ਵਿਦੇਸ਼ੀ ਯੂਨੀਵਰਸਿਟੀਆਂ ਅਤੇ ਵਿਦੇਸ਼ੀ ਵਿਦਿਆਰਥੀਆਂ ਨਾਲ ਸਬੰਧ ਵਧਾਉਣ ਲਈ ਵੱਖ-ਵੱਖ ਕਦਮ ਚੁੱਕ ਰਿਹਾ ਹੈ।
