ਪਿਛਲੇ 5 ਸਾਲਾਂ ਦੌਰਾਨ ਕੈਨੇਡਾ ਵਿੱਚ 1,200 ਤੋਂ ਵੱਧ ਭਾਰਤੀਆਂ ਦੀ ਮੌਤ
ਸਰਕਾਰ ਨੇ ਵੀਰਵਾਰ ਨੂੰ ਸੰਸਦ ਵਿੱਚ ਦੱਸਿਆ ਕਿ 2020 ਤੋਂ 2024 ਤੱਕ ਪੰਜ ਸਾਲਾਂ ਦੀ ਮਿਆਦ ਵਿੱਚ ਕੈਨੇਡਾ ਵਿੱਚ ਕੁੱਲ 1,203 ਭਾਰਤੀ ਨਾਗਰਿਕਾਂ ਦੀ ਮੌਤ ਹੋਈ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮੌਤਾਂ ਕੁਦਰਤੀ ਕਾਰਨਾਂ ਜਿਵੇਂ ਕਿ ਬੁਢਾਪਾ ਜਾਂ ਬਿਮਾਰੀ ਕਾਰਨ ਹੋਈਆਂ ਹਨ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦੱਸਿਆ ਕਿ ਇਸੇ ਸਮੇਂ ਦੌਰਾਨ ਵਿਦੇਸ਼ ਮੰਤਰਾਲੇ (MEA) ਦੀ ਸਹਾਇਤਾ ਨਾਲ 757 ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਜਾਂ ਅਸਥੀਆਂ ਨੂੰ ਕੈਨੇਡਾ ਤੋਂ ਭਾਰਤ ਲਿਆਂਦਾ ਗਿਆ।
ਮੰਤਰੀ ਨੇ ਦੱਸਿਆ ਕਿ 2020 ਵਿੱਚ 120, 2021 ਵਿੱਚ 160, 2022 ਵਿੱਚ 198, 2023 ਵਿੱਚ 336 ਅਤੇ 2024 ਵਿੱਚ 389 ਮੌਤਾਂ ਹੋਈਆਂ। ਉਨ੍ਹਾਂ ਕਿਹਾ ਕਿ ਕੁਦਰਤੀ ਮੌਤਾਂ ਤੋਂ ਇਲਾਵਾ ਕੁਝ ਅਣਕਿਆਸੀਆਂ ਮੌਤਾਂ ਵੀ ਹੋਈਆਂ ਹਨ, ਜਿਵੇਂ ਕਿ ਹਾਦਸੇ, ਹਿੰਸਾ, ਖੁਦਕੁਸ਼ੀਆਂ, ਅਤੇ ਕਤਲ ਆਦਿ ਘਟਨਾਵਾਂ ਸ਼ਾਮਲ ਹਨ।
ਸਿੰਘ ਨੇ ਅੱਗੇ ਦੱਸਿਆ ਕਿ ਭਾਰਤ ਸਰਕਾਰ ਭਾਰਤੀ ਨਾਗਰਿਕਾਂ ਦੀਆਂ ਮ੍ਰਿਤਕ ਦੇਹਾਂ ਨੂੰ ਵਾਪਸ ਲਿਆਉਣ ਦੇ ਮੁੱਦਿਆਂ ਨੂੰ ਹੱਲ ਕਰਨ ਨੂੰ ਬਹੁਤ ਤਰਜੀਹ ਦਿੰਦੀ ਹੈ। ਵਿਦੇਸ਼ ਮੰਤਰਾਲੇ ਕੋਲ ਇੱਕ ਨਿਰਧਾਰਿਤ ਵਿਧੀ (SOPs) ਹੈ ਜੋ ਵਿਦੇਸ਼ਾਂ ਵਿੱਚ ਸਾਰੇ ਮਿਸ਼ਨਾਂ ਨਾਲ ਤਾਲਮੇਲ ਕਰਕੇ ਲੋੜੀਂਦੇ ਭਾਰਤੀ ਨਾਗਰਿਕਾਂ ਦੀ ਮਦਦ ਕਰਦੀ ਹੈ, ਜਿਸ ਵਿੱਚ ਮੌਤਾਂ, ਸਥਾਨਕ ਸਸਕਾਰ ਜਾਂ ਦਫ਼ਨਾਉਣ, ਜਾਂ ਮ੍ਰਿਤਕ ਦੇਹਾਂ ਨੂੰ ਭਾਰਤ ਵਿੱਚ ਉਨ੍ਹਾਂ ਦੇ ਜੱਦੀ ਸ਼ਹਿਰਾਂ ਵਿੱਚ ਭੇਜਣਾ, ਅਤੇ ਬੀਮਾ ਜਾਂ ਮੁਆਵਜ਼ੇ ਦੇ ਦਾਅਵਿਆਂ ਦਾ ਨਿਪਟਾਰਾ ਕਰਨਾ ਸ਼ਾਮਲ ਹੈ।