ਚੰਬਾ ’ਚ ਬੇਕਾਬੂ ਕਾਰ ਰਾਵੀ ਦਰਿਆ ’ਚ ਡਿੱਗੀ, ਮੈਡੀਕਲ ਇੰਟਰਨ ਦੀ ਮੌਤ
ਇਥੇ ਚੰਬਾ ਦੇ ਬਾਹਰਵਾਰ ਐਤਵਾਰ ਵੱਡੇ ਤੜਕੇ ਕਾਰ ਦੇ ਬੇਕਾਬੂ ਹੋ ਕੇ ਪਰੇਲ ਨੇੜੇ ਰਾਵੀ ਦਰਿਆ ਵਿਚ ਡਿੱਗਣ ਕਰਕੇ ਪੰਡਿਤ ਜਵਾਹਰਲਾਲ ਨਹਿਰੂ ਸਰਕਾਰੀ ਕਾਲਜ ਚੰਬਾ ਦੇ ਮੈਡੀਕਲ ਇੰਟਰਨ ਦੀ ਮੌਤ ਹੋ ਗਈ ਜਦੋਂਕਿ ਦੋ ਇੰਟਰਨ ਜ਼ਖਮੀ ਹਨ ਤੇ ਇਕ ਇੰਟਰਨ ਲਾਪਤਾ ਦੱਸਿਆ ਜਾਂਦਾ ਹੈ। ਕਾਰ ਵਿਚ ਕੁਲ ਮਿਲਾ ਕੇ ਚਾਰ ਇੰਟਰਨ ਸਵਾਰ ਸਨ।
ਮਾਰੇ ਗਏ ਇੰਟਰਨ ਦੀ ਪਛਾਣ ਅਭਿਸ਼ੇਕ ਵਜੋਂ ਹੋਈ ਹੈ, ਜੋ ਹਮੀਰਪੁਰ ਦਾ ਵਸਨੀਕ ਸੀ। ਲਾਪਤਾ ਇੰਟਰਨ ਦੀ ਸ਼ਨਾਖਤ ਇਸ਼ਿਕਾ ਵਜੋਂ ਦੱਸੀ ਗਈ ਹੈ, ਜੋ ਸ਼ਿਮਲਾ ਜ਼ਿਲ੍ਹੇ ਦੇ ਰੋਹੜੂ ਦੀ ਰਹਿਣ ਵਾਲੀ ਹੈ ਤੇ ਉਸ ਦੇ ਰਾਵੀ ਦਰਿਆਂ ਦੇ ਤੇਜ਼ ਵਹਾਅ ਵਿਚ ਰੁੜ੍ਹ ਜਾਣ ਦਾ ਖਦਸ਼ਾ ਹੇ। ਦੋ ਜ਼ਖਮੀ ਇੰਟਰਨਾਂ ਸ਼ਿਮਲਾ ਦੇ ਰਿਸ਼ਭ ਮਸਤਾਨਾ ਤੇ ਸੋਲਨ ਦੇ ਦਿਵਯਾਂਕ ਨੂੰ ਚੰਬਾ ਦੇ ਸਰਕਾਰੀ ਮੈਡੀਕਲ ਕਾਲਜ ਵਿਚ ਦਾਖ਼ਲ ਕਰਵਾਇਆ ਗਿਆ ਹੈ। ਚੰਬਾ ਦੇ ਐੱਸਪੀ ਅਭਿਸ਼ੇਕ ਯਾਦਵ ਨੇ ਕਿਹਾ ਕਿ ਹਾਦਸੇ ਬਾਰੇ ਜਾਣਕਾਰੀ ਮਿਲਦੇ ਹੀ ਬਚਾਅ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਸਨ। ਉਨ੍ਹਾਂ ਕਿਹਾ ਕਿ ਲਾਪਤਾ ਇੰਟਰਨ ਦੀ ਭਾਲ ਜਾਰੀ ਹੈ। ਹਾਦਸੇ ਬਾਰੇ ਹੋ ਵੇਰਵਿਆਂ ਦੀ ਉਡੀਕ ਹੈ।