ਸਾਡਾ ਨਾਅਰਾ ‘ਵੋਟ ਚੋਰ, ਗੱਦੀ ਛੋੜ’ ਦੇਸ਼ ਭਰ ’ਚ ਸਾਬਤ ਹੋਇਆ: ਰਾਹੁਲ
ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਨਾਅਰਾ ‘ਵੋਟ ਚੋਰ, ਗੱਦੀ ਛੋੜ’ ਦੇਸ਼ ਭਰ ’ਚ ਸਾਬਤ ਹੋ ਗਿਆ ਹੈ ਅਤੇ ਪਾਰਟੀ ਇਸ ਨੂੰ ਹੋਰ ਢੰਗ-ਤਰੀਕਿਆਂ ਨਾਲ ਅੱਗੇ ਵੀ ਪੇਸ਼ ਕਰੇਗੀ। ਆਪਣੇ ਸੰਸਦੀ ਹਲਕੇ ਰਾਏਬਰੇਲੀ ਦੇ ਦੋ ਦਿਨਾਂ ਦੌਰੇ ਤਹਿਤ ਰਾਹੁਲ ਅੱਜ ਲਖਨਊ ਦੇ ਚੌਧਰੀ ਚਰਨ ਸਿੰਘ ਹਵਾਈ ਅੱਡੇ ’ਤੇ ਪੁੱਜੇ ਜਿਥੇ ਉਨ੍ਹਾਂ ਦਾ ਕਾਂਗਰਸ ਦੇ ਸੂਬਾ ਪ੍ਰਧਾਨ ਅਜੈ ਰਾਏ ਅਤੇ ਹੋਰ ਆਗੂਆਂ ਨੇ ਸਵਾਗਤ ਕੀਤਾ। ਦੇਦੌਲੀ ’ਚ ਹਰਚਾਂਦਪੁਰ ਵਿਧਾਨ ਸਭਾ ਦੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਮਹਾਰਾਸ਼ਟਰ ਅਤੇ ਕਰਨਾਟਕ ’ਚ ਵੋਟ ਚੋਰੀ ਦੇ ਮਾਮਲਿਆਂ ਦਾ ਜ਼ਿਕਰ ਕੀਤਾ। ਪ੍ਰੋਗਰਾਮ ਦੌਰਾਨ ਮੀਡੀਆ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ ਪਰ ਖਬਰ ਏਜੰਸੀ ਮੁਤਾਬਕ ਕਾਂਗਰਸ ਆਗੂ ਨੇ ਕਿਹਾ ਕਿ ਮਹਾਰਾਸ਼ਟਰ ਅਤੇ ਕਰਨਾਟਕ ਵਿਧਾਨ ਸਭਾ ਚੋਣਾਂ ’ਚ ਵੋਟ ਚੋਰੀ ਦੇ ਪੁਖ਼ਤਾ ਸਬੂਤ ਹਨ।
ਇਕ ਸੂਤਰ ਨੇ ਰਾਹੁਲ ਗਾਂਧੀ ਦੇ ਹਵਾਲੇ ਨਾਲ ਕਿਹਾ, ‘‘ਮਹਾਰਾਸ਼ਟਰ ’ਚ ਸਾਡੀ ਪਾਰਟੀ ਅਤੇ ਸਾਡੇ ਗੱਠਜੋੜ ਨੇ ਲੋਕ ਸਭਾ ਚੋਣਾਂ ਜਿੱਤੀਆਂ ਸਨ ਅਤੇ ਚਾਰ ਮਹੀਨਿਆਂ ਮਗਰੋਂ ਵਿਧਾਨ ਸਭਾ ਚੋਣਾਂ ’ਚ ਸਾਡਾ ਪੱਤਾ ਸਾਫ਼ ਹੋ ਗਿਆ। ਜਦੋਂ ਅਸੀਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਕਰੀਬ ਇਕ ਕਰੋੜ ਨਵੇਂ ਵੋਟਰ ਲੋਕ ਸਭਾ ਚੋਣਾਂ ਮਗਰੋਂ ਬਣੇ ਸਨ। ਸਾਡੇ ਅਤੇ ਭਾਈਵਾਲਾਂ ਦੇ ਵੋਟ ਪਹਿਲਾਂ ਵਰਗੇ ਰਹੇ ਪਰ ਨਵੇਂ ਸਾਰੇ ਵੋਟ ਭਾਜਪਾ ਵੱਲ ਚਲੇ ਗਏ।’’ ਕਾਂਗਰਸੀ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਉਨ੍ਹਾਂ ਚੋਣ ਕਮਿਸ਼ਨ ਤੋਂ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਸੀ ਪਰ ਕਮਿਸ਼ਨ ਨੇ ਵੋਟਰ ਸੂਚੀ ਅਤੇ ਵੀਡੀਓ ਦੇਣ ਤੋਂ ਹੀ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਬੇਨਿਯਮੀਆਂ ਕਰਨਾਟਕ ’ਚ ਵੀ ਦੇਖਣ ਨੂੰ ਮਿਲੀਆਂ। ਰਾਹੁਲ ਨੇ ਕਿਹਾ ਕਿ ਅਜਿਹੇ ਮਾਮਲੇ ਉੱਤਰ ਪ੍ਰਦੇਸ਼, ਹਰਿਆਣਾ, ਮੱਧ ਪ੍ਰਦੇਸ਼ ਅਤੇ ਗੁਜਰਾਤ ’ਚ ਵੀ ਦੇਖਣ ਨੂੰ ਮਿਲੇ ਹਨ। ਬਿਹਾਰ ਦੌਰੇ ਦਾ ਜ਼ਿਕਰ ਕਰਦਿਆਂ ਰਾਹੁਲ ਨੇ ਦਾਅਵਾ ਕੀਤਾ ਕਿ ਉਥੇ ਵੀ ਵੋਟਰ ਸੂਚੀ ’ਚੋਂ ਜਿਊਂਦੇ ਲੋਕਾਂ ਦੇ ਨਾਮ ਹਟਾ ਦਿੱਤੇ ਗਏ ਹਨ।