ਸਾਡੀ ਸਰਕਾਰ ਬਣੇਗੀ: ਤੇਜਸਵੀ
ਬਿਹਾਰ ਵਿੱਚ ਮੁੱਖ ਮੰਤਰੀ ਅਹੁਦੇ ਲਈ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਅਤੇ ਰਾਸ਼ਟਰੀ ਜਨਤਾ ਦਲ (ਆਰ ਜੇ ਡੀ) ਆਗੂ ਤੇਜਸਵੀ ਯਾਦਵ ਪ੍ਰਸਾਦ ਨੇ ਦਾਅਵਾ ਕੀਤਾ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਵਿਰੋਧੀ ਗੱਠਜੋੜ ਸੂਬੇ ਵਿੱਚ ਅਗਲੀ ਸਰਕਾਰ ਬਣਾਏਗਾ ਅਤੇ ਚੋਣ ਨਤੀਜੇ ਆਉਣ ਤੋਂ ਚਾਰ ਦਿਨਾਂ ਬਾਅਦ ਸਹੁੰ ਚੁੱਕ ਸਮਾਰੋਹ ਕਰਵਾਇਆ ਜਾਵੇਗਾ।’’ ਉਨ੍ਹਾਂ ਇਹ ਟਿੱਪਣੀ ਸਾਬਕਾ ਵਿਧਾਇਕ ਅਨੰਤ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੀਤੀ। ਅਨੰਤ ਸਿੰਘ, ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੂਨਾਈਟਿਡ) ਦੇ ਉਮੀਦਵਾਰ ਹਨ ਅਤੇ ਉਨ੍ਹਾਂ ’ਤੇ ਜਨ ਸੁਰਾਜ ਪਾਰਟੀ ਦੇ ਸਮਰਥਕ ਦੁਲਾਰ ਚੰਦ ਯਾਦਵ ਦੀ ਹੱਤਿਆ ਦੇ ਮਾਮਲੇ ਵਿੱਚ ਕਾਰਵਾਈ ਹੋਈ ਹੈ। ਸ੍ਰੀ ਤੇਜਸਵੀ ਨੇ ਕਿਹਾ, ‘‘ਐਨੀ ਗੰਭੀਰ ਘਟਨਾ ਹੋਈ ਸੀ, ਇਸ ਵਾਸਤੇ ਇਹ ਹੋਣਾ ਹੀ ਸੀ। ਅੱਜ ਪ੍ਰਧਾਨ ਮੰਤਰੀ ਬਿਹਾਰ ਆ ਰਹੇ ਹਨ। ਉਨ੍ਹਾਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਸੂਬੇ ਵਿੱਚ ਸ਼ਾਇਦ ਹੀ ਕੋਈ ਦਿਨ ਅਜਿਹਾ ਲੰਘਦਾ ਹੋਵੇ ਜਦੋਂ ਕੋਈ ਗੰਭੀਰ ਅਪਰਾਧ ਨਾ ਹੁੰਦਾ ਹੋਵੇ ਪਰ ਜਿਵੇਂ ਹੀ ਮਹਾਗੱਠਜੋੜ ਦੀ ਸਰਕਾਰ ਬਣੇਗੀ, ਇਹ ਸਭ ਬਦਲ ਜਾਵੇਗਾ।’’ ਉਨ੍ਹਾਂ ਕਿਹਾ, ‘‘14 ਨਵੰਬਰ ਨੂੰ ਨਤੀਜੇ ਆਉਣਗੇ ਤੇ 18 ਨਵੰਬਰ ਨੂੰ ਸਹੁੰ ਚੁੱਕ ਸਮਾਰੋਹ ਹੋਵੇਗਾ। 26 ਨਵੰਬਰ ਤੋਂ ਪਹਿਲਾਂ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਸਾਰੇ ਅਪਰਾਧੀ, ਭਾਵੇਂ ਉਹ ਕਿਸੇ ਵੀ ਜਾਤੀ ਜਾਂ ਧਰਮ ਦੇ ਹੋਣ, ਜੇਲ੍ਹ ਵਿੱਚ ਹੋਣ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।’’ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਰਾਜੀਵ ਪ੍ਰਤਾਪ ਰੂਡੀ ਨੇ ਸ੍ਰੀ ਤੇਜਸਵੀ ਦੇ ਇਸ ਬਿਆਨ ’ਤੇ ਤਨਜ਼ ਕੱਸਦੇ ਹੋਏ ਕਿਹਾ, ‘‘ਮੈਨੂੰ ਤਾਂ ਜਾਣਕਾਰੀ ਮਿਲੀ ਹੈ ਕਿ ਉਹ ਵਿਦੇਸ਼ ਜਾਣ ਦਾ ਪ੍ਰੋਗਰਾਮ ਬਣਾ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ ਬਿਹਾਰ ਦੀ ਜਨਤਾ ਹੁਣ ਵੀ ਨਿਤੀਸ਼ ਕੁਮਾਰ ’ਤੇ ਭਰੋਸਾ ਕਰਦੀ ਹੈ।’’ -ਪੀਟੀਆਈ
